Go Back
21
May
2026

An interaction face-to-face with the women selected for the Indian Administrative Services

Type : Acitivity



ਭਾਰਤੀ ਪ੍ਰਬੰਧਕੀ ਸੇਵਾਵਾਂ ਲਈ ਚੁਣੀਆਂ ਗਈਆਂ ਨਾਇਕਾਵਾਂ ਨਾਲ ਰੂਬਰੂ

ਸੋਸ਼ਲ ਮੀਡੀਆ ਦੀ ਦੁਰਵਰਤੋਂ ਤੋਂ ਬਚਣ ਵਿਦਿਆਰਥੀ - ਜਪਲੀਨ, ਹਰਪ੍ਰੀਤ ‘‘ਸਕੂਲੀ ਸਿੱਖਿਆ ਸੁਪਨੇ ਬੀਜਣ ਦੀ ਹੁੰਦੀ ਹੈ, ਇਸੇ ਸਿੱਖਿਆ ਦੌਰਾਨ ਚੰਗੀਆਂ ਆਦਤਾਂ ਸਾਡੀ ਜੀਵਨ-ਸ਼ੈਲੀ ਦਾ ਹਿੱਸਾ ਬਣਦੀਆਂ ਹਨ। ਟੀਚਾ, ਸਮਾਂ ਸਾਰਣੀ, ਆਪਣੇ-ਆਪ ਨੂੰ ਸਮੇਂ ਦੇ ਅਧੀਨ ਕਰਕੇ ਕੀਤੀ ਸਖਤ ਮਿਹਨਤ ਅਤੇ ਲਗਾਤਾਰਤਾ ਦੁਆਰਾ ਹੀ ਸਬੰਧਤ ਵਿਦਿਆਰਥੀ ਸਫਲਤਾ ਹਾਸਲ ਕਰਦਾ ਹੈ।’’ ਸਾਂਝੇ ਤੌਰ ’ਤੇ ਇਹ ਵਿਚਾਰ, ਹਾਲ ਹੀ ਵਿੱਚ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਪ੍ਰੀਖਿਆ ਵਿੱਚੋਂ ਕ੍ਰਮਵਾਰ 388 ਅਤੇ 422ਵਾਂ ਸਥਾਨ ਹਾਸਲ ਕਰਨ ਵਾਲੀਆਂ ਜਪਲੀਨ ਕੌਰ ਅਤੇ ਜਸਪ੍ਰੀਤ ਕੌਰ ਨੇ ਪ੍ਰਗਟ ਕੀਤੇ। ਉਹ ਕੰਗ ਯਾਦਗਾਰੀ ਸਿੱਖਿਆ-ਸੰਸਥਾ ਅਤੇ ਡਰੀਮਲੈਂਡ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੂੰ ਰੂਬਰੂ ਸਮਾਗਮ ਦੌਰਾਨ ਸੰਬੋਧਨ ਕਰ ਰਹੀਆਂ ਸਨ। ਇਨ੍ਹਾਂ ਦੋਨਾਂ ਨਾਇਕਾਵਾਂ ਨੇ ਆਪੋ-ਆਪਣੇ ਸੰਘਰਸ਼ ਦੀ ਗਾਥਾ ਦੱਸੀ। ਇੱਕ ਇੱਕ ਗੱਲ ਵਿਦਿਆਰਥੀਆਂ ਨੇ ਸਾਹ ਰੋਕ ਕੇ ਸੁਣੀ। ਉਨ੍ਹਾਂ ਦੱਸਿਆ, ਕਿ ਉਹ ਕਿਸ ਤੋਂ ਪ੍ਰੇਰਿਤ ਹੋਈਆਂ ਸਨ, ਕਿਵੇਂ ਉਹ ਖਿੰਡਾਵਾਂ ਨੂੰ ਹਰਾਉਂਦੀਆਂ ਰਹੀਆਂ ਸਨ, ਨਿਸ਼ਾਨਾ ਮਿੱਥ ਕੇ ਅਤੇ ਸਮਾਂ-ਸਾਰਣੀ ਬਣਾ ਕੇ ਸਿੱਖਿਆ-ਸਮਾਧੀ ਲਾਉਂਦੀਆਂ ਰਹੀਆਂ ਸਨ, ਕਿਵੇਂ ਰੋਜ਼ ਰੋਜ਼ ਆਪਣੇ ਅਤੇ ਟੀਚੇ ਵਿੱਚਲੀ ਦੂਰੀ ਘਟਾਉਂਦੀਆਂ ਰਹੀਆਂ ਸਨ। ਉਨ੍ਹਾਂ ਨੂੰ ਵਿਦਿਆਰਥੀਆਂ ਨੇ ਸਵਾਲ ਕੀਤੇ, ਉਨ੍ਹਾਂ ਜਵਾਬ ਦਿੱਤੇ। ਉਨ੍ਹਾਂ ਵਿਦਿਆਰਥੀਆਂ ਨੂੰ ਇਹ ਗੱਲ ਜ਼ੋਰ ਦੇ ਕੇ ਕਹੀ, ਕਿ ਸੋਸ਼ਲ-ਮੀਡੀਆ ਦੀ ਦੁਰਵਰਤੋਂ ਤੋਂ ਬਚਣ, ਰੋਜ਼ਾਨਾ ਅਖਬਾਰ ਪੜ੍ਹਨ, ਸਾਹਿਤਿਕ ਪੁਸਤਕਾਂ ਪੜ੍ਹਨ, ਖੇਡਣ, ਕਸਰਤ ਕਰਨ, ਸਵੈ-ਪ੍ਰਗਟਾਵੇ ਦਾ ਗੁਣ ਸਿੱਖਣ, ਵੱਡਿਆਂ ਦਾ ਸਤਿਕਾਰ ਕਰਨ, ਧੀਰਜ ਅਪਨਾਉਣ ਅਤੇ ਆਪਣੇ ਸ਼ੁਭਚਿੰਤਕਾਂ ਦਾ ਸਤਿਕਾਰ ਕਰਨ। ਇਸ ਮੌਕੇ ’ਤੇ ਪ੍ਰਬੰਧਕੀ ਕਮੇਟੀ ਮੈਂਬਰ ਅਤੇ ਪੰਜਾਬੀ ਫਿਲਮਾਂ ਦੀ ਅਦਾਕਾਰਾ ‘ਗੁਰਪ੍ਰੀਤ ਭੰਗੂ’ ਨੇ ਵਿਦਿਆਰਥੀਆਂ ਨੂੰ ਅੱਜ ਦਾ ਕੰਮ, ਅੱਜ ਹੀ ਕਰਨ ਅਤੇ ਸੱਚੀ ਸਾਧਨਾ ਕਰਨ ਲਈ ਪ੍ਰੇਰਿਆ। ਸਿੱਖਿਆ-ਸੰਸਥਾਵਾਂ ਦੀ ਨਿਰਦੇਸ਼ਕਾ ਅਮਨਦੀਪ ਕੌਰ ਨੇ ਕਿਹਾ, ਕਿ ਸਾਡੀਆਂ ਮਹਿਮਾਨ, ਸਫਲ ਨਾਇਕਾਵਾਂ ਵਜੋਂ ਸਾਡੇ ਸਾਹਮਣੇ ਹਨ, ਇਨ੍ਹਾਂ ਸਫ਼ਲਤਾਵਾਂ ਪਿੱਛੇ ਸਖ਼ਤ ਮਿਹਨਤ ਦਾ ਇਤਿਹਾਸ ਹੁੰਦਾ ਹੈ। ਸਖ਼ਤ ਮਿਹਨਤ ਕਰਨ ਦਾ ਸਮਾਂ ਹਰ ਵਿਦਿਆਰਥੀ ਕੋਲ ਹੁੰਦਾ ਹੈ, ਇਸਨੂੰ ਸਾਂਭਿਆ ਜਾਣਾ ਚਾਹੀਦਾ ਹੈ। ਡਰੀਮਲੈਂਡ ਪਬਲਿਕ ਸਕੂਲ ਦੀ ਪਿ੍ਰੰਸੀਪਲ ਕਰਨਜੋਤ ਕੌਰ ਨੇ ਕਿਹਾ, ਕਿ ਅਸੀਂ ਸਾਰੇ ਮੇਜਬਾਨ ਇਹ ਕਾਮਨਾ ਕਰਦੇ ਹਾਂ, ਕਿ ਸਾਡੀਆਂ ਮਹਿਮਾਨ ਨਾਇਕਾਵਾਂ, ਪ੍ਰਬੰਧਕੀ ਸੇਵਾਵਾਂ ਦੌਰਾਨ ‘ਇਨਸਾਫ਼ ਦੀਆਂ ਦੇਵੀਆਂ’ ਵਜੋਂ ਜਾਣੀਆਂ ਜਾਂਦੀਆਂ ਰਹਿਣ। ਇਸ ਮੌਕੇ ’ਤੇ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸਵਰਨ ਸਿੰਘ ਭੰਗੂ, ਬੇਅੰਤ ਕੌਰ, ਪ੍ਰਭਜੋਤ ਕੌਰ, ਹਰਪ੍ਰੀਤ ਸਿੰਘ, ਮਨਪ੍ਰੀਤ ਕੌਰ, ਗੁਰਪ੍ਰੀਤ ਕੌਰ, ਹਰਬੀਰ ਨਾਨਕ, ਨਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਗਗਨਪ੍ਰੀਤ ਕੌਰ, ਸਿਮਰਨਜੀਤ ਕੌਰ, ਹਰਪ੍ਰੀਤ ਸਿੰਘ, ਬਰਿੰਦਰ ਕੌਰ ਆਦਿ ਹਾਜ਼ਰ ਸਨ।

ਕੰਗ ਯਾਦਗਾਰੀ ਸਿੱਖਿਆ ਸੰਸਥਾ ਬਸੀ ਗੁੱਜਰਾਂ ਵਿਖੇ, ਰੂਬਰੂ ਸਮਾਗਮ ਦੌਰਾਨ ਭਾਰਤੀ ਪ੍ਰਬੰਧਕੀ ਸੇਵਾਵਾਂ ਲਈ ਚੁਣੀਆਂ ਗਈਆਂ ਨਾਇਕਾਵਾਂ ਦਾ ਸਨਮਾਨ ਕੀਤੇ ਜਾਣ ਸਮੇਂ ਦਾ ਦ੍ਰਿਸ਼