Mar
2025
Successful performance of the play ‘Canada Da Laddu’ at Kang Memorial Educational Institutions
Type : Acitivity
ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਵਿੱਚ ਨਾਟਕ ‘ਕੈਨੇਡਾ ਦਾ ਲੱਡੂ’ ਦੀ ਸਫ਼ਲ ਪੇਸ਼ਕਾਰੀ
ਨਾਟਕ ਟੀਮ ਦੇ ਪਾਤਰਾਂ ਦੀ ਪਹਿਚਾਣ ਕਰਾਉਣ ਸਮੇਂ ਨਿਰਦੇਸ਼ਕ ਡਾ ਲੱਖਾ ਲਹਿਰੀ ਅਤੇ ਨਾਟਕ ਦੀਆਂ ਹੋਰ ਝਾਕੀਆਂ
ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਵਿਖੇ, ਕੈਨੇਡਾ ਵਿੱਚ ਰਹਿ ਰਹੇ ਨਾਟਕਕਾਰ ‘ਨਾਹਰ ਔਜਲਾ’ ਦਾ ‘ਪਰਵਾਸ ਦੀਆਂ ਔਕੜਾਂ’ ’ਤੇ ਲਿਖਿਆ ਨਾਟਕ ‘ਕੈਨੇਡਾ ਦਾ ਲੱਡੂ’ ਖੇਡਿਆ ਗਿਆ। ਡਾ: ਲੱਖਾ ਲਹਿਰੀ ਦੀ ਨਿਰਦੇਸ਼ਨਾ ਹੇਠ ‘ਸਾਰਥਕ ਰੰਗਮੰਚ ਪਟਿਆਲਾ’ ਦੀ ਟੀਮ ਵੱਲੋਂ ਖੇਡੇ ਗਏ ਇਸ ਨਾਟਕ ਤੋਂ ਪਹਿਲਾਂ 23 ਮਾਰਚ ਦੇ ਸ਼ਹੀਦਾਂ ਦੀਆਂ ਤਸਵੀਰਾਂ ’ਤੇ ਪੁਸ਼ਪ ਅਰਪਣ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ। ਫਿਲਮੀ ਅਦਾਕਾਰ ‘ਗੁਰਪ੍ਰੀਤ ਕੌਰ ਭੰਗੂ’ ਨੇ ਸ਼ਹੀਦਾਂ ਦੇ ਫਾਂਸੀ ਸਥਾਨ ‘ਸ਼ਾਦਮਾਨ ਚੌਕ ਲਾਹੌਰ’ ਦਾ ਅੱਖੀਂ ਡਿੱਠਾ ਹਾਲ ਸੁਣਾਇਆ। ਉਨ੍ਹਾਂ ਆਜ਼ਾਦੀ ਦੀ ਲਹਿਰ ਦੌਰਾਨ ਸ਼ਹੀਦ ਹੋਏ ਲੋਕਾਂ ਅਤੇ ਉਨ੍ਹਾਂ ਦੇ ਮਨੋਰਥ ਨੂੰ ਸਮਝਣ ਲਈ ਵਿਦਿਆਰਥੀਆਂ ਨੂੰ, ਸਾਹਿਤ ਪੜ੍ਹਨ ਲਈ ਪ੍ਰੇਰਿਆ। ਉਪਰੰਤ ਡੇਢ ਘੰਟੇ ਦੇ ਨਾਟਕ-ਮੰਚਣ ਨੂੰ ਦਰਸ਼ਕਾਂ ਨੇ ਨੀਝ ਲਾ ਕੇ ਵੇਖਿਆ ਅਤੇ ਕਲਾਕਾਰਾਂ ਨੂੰ ਭਰਵੀਂ ਦਾਦ ਦਿੱਤੀ। ਇਹ ਨਾਟਕ ਕੈਨੇਡਾ ਵਿੱਚ ਪੜ੍ਹਨ ਗਏ ਵਿਦਿਆਰਥੀਆਂ ਦੀਆਂ ਔਕੜਾਂ, ਪਦਾਰਥਕ ਚਕਾਚੌਂਧ ਵਿੱਚ ਟੁੱਟਦੇ ਪਰਿਵਾਰਕ ਰਿਸ਼ਤਿਆਂ ਦੇ ਸੰਤਾਪ ਦੁਆਲੇ ਘੁੰਮਦਾ ਹੈ। ਇਹ ਗੱਲ ਤਿੱਖੇ ਰੂਪ ਵਿੱਚ ਰੂਪਮਾਨ ਹੁੰਦੀ ਹੈ, ਕਿ ਵਿਦੇਸ਼ਾਂ ਵਿੱਚ ਪਲ਼ ਰਹੇ, ਵੱਡੇ ਹੋ ਰਹੇ ਬੱਚੇ ਕਿਵੇਂ ਪੰਜਾਬੀ ਭਾਸ਼ਾ, ਸੱਭਿਆਚਾਰ ਤੋਂ ਅਣਜਾਣ ਰਹਿ ਰਹੇ ਹਨ, ਕਿਵੇਂ ਕਰਜ਼ਿਆਂ ਦੀਆਂ ਕਿਸਤਾਂ ਲਾਹੁਣ ਲਈ ਪਹਿਵਾਰਾਂ ਦੇ ਮੁਖੀ 2, 2, 3, 3 ਤਰ੍ਹਾਂ ਦੇ ਕੰਮ ਕਰਦੇ ਹਨ, ਬੇਆਰਾਮੀ ਹੰਢਾਉਂਦੇ ਹਨ, ਤਣਾਅ ਵਿੱਚ ਰਹਿੰਦੇ ਹਨ ਅਤੇ ਪੰਜਾਬ ਤੋਂ ਗਏ ਮਾਪੇ ਵੀ ਅਜਿਹੇ ਮਾਹੌਲ ਵਿੱਚ ਪ੍ਰਭਾਵਤ ਹੁੰਦੇ ਹਨ। ਨਾਟਕ ਦੇ ਪਾਤਰਾਂ ਨੇ ਆਪੋ-ਆਪਣਾ ਕਿਰਦਾਰ ਬਾਖ਼ੂਬ ਨਿਭਾਇਆ। ਇਸ ਨਾਟਕ ਦਾ ਸੰਗੀਤ ‘ਰਵੀ ਨੰਦਨ’ ਨੇ ਤਿਆਰ ਕੀਤਾ ਹੋਇਆ ਸੀ, ਜਦੋਂ ਕਿ ਇਸ ਵਿੱਚ ਫਤਿਹ ਸੋਹੀ, ਕੁਲਤਰਨ, ਉੱਤਮ, ਵਿਸ਼ਾਲ, ਬਹਾਰ, ਤਾਪਰ, ਸਿਮਰ, ਨੈਨਸੀ, ਕਰਮਨ, ਸਿਦਕ, ਹੁਸਨ ਅਤੇ ਸੰਜਨਾ ਕਲਾਕਾਰ ਸਨ। ਡਾ: ਕੁਲਦੀਪ ਸਿੰਘ, ਜੋ ਲੰਮਾਂ ਸਮਾਂ ਕੈਨੇਡਾ ਰਹਿਕੇ ਪਰਤੇ ਸਨ, ਨੇ ਦੱਸਿਆ ਕਿ ਇਹ ਖੋਜ ਦਾ ਵਿਸ਼ਾ ਹੈ, ਕਿ ਪੰਜਾਬ ਦੇ ਸਾਧਨ-ਸੰਪੰਨ ਪਰਿਵਾਰ ਕਿਉਂ ਆਪਣੇ ਘਰਾਂ ਨੂੰ ਜਿੰਦਰੇ ਮਾਰ ਕੇ ਵਿਦੇਸ਼ਾਂ ਵਿੱਚ ਵੱਸਣ ਨੂੰ ਪਹਿਲ ਦੇ ਰਹੇ ਹਨ? ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਆ, ਕਿ ਉਹ ਆਪਣੇ ਟੀਚੇ ਮਿੱਥਣ ਅਤੇ ਸਮੇਂ ਦਾ ਹਾਣੀ ਬਣਨ ਲਈ ਸਖਤ ਮਿਹਨਤ ਕਰਨ। ਸਵਰਨ ਸਿੰਘ ਭੰਗੂ ਨੇ ਇਸ ਨਾਟਕ ਦੇ ਲੇਖਕ, ਨਿਰਦੇਸ਼ਕ ਅਤੇ ਸਮੁੱਚੀ ਟੀਮ ਦੀ ਸਰਾਹਨਾ ਕੀਤੀ। ਪ੍ਰਿੰਸੀਪਲ ਅਮਨਦੀਪ ਕੌਰ, ਮਾਪੇ ਅਧਿਆਪਕ ਸੰਸਥਾ ਦੇ ਪ੍ਰਧਾਨ ਸ: ਪਰੇਮ ਸਿੰਘ ਚੱਕ ਲੋਹਟ ਅਤੇ ਪ੍ਰਵਾਸੀ ਪੰਜਾਬੀ ਮੇਵਾ ਸਿੰਘ ਨੇ ਸੰਬੋਧਨ ਕੀਤਾ। ਇਸ ਮੌਕੇ ’ਤੇ ਚੌਧਰੀ ਕਾਂਸ਼ੀ ਰਾਮ, ਚੌਧਰੀ ਤੀਰਥ ਰਾਮ, ਵਿਦਿਆਰਥੀਆਂ ਦੇ ਮਾਪੇ ਅਤੇ ਸਟਾਫ਼ ਮੈਂਬਰ ਹਾਜ਼ਰ ਸਨ।
ਨਾਟਕ ਟੀਮ ਦੇ ਪਾਤਰਾਂ ਦੀ ਪਹਿਚਾਣ ਕਰਾਉਣ ਸਮੇਂ ਨਿਰਦੇਸ਼ਕ ਡਾ ਲੱਖਾ ਲਹਿਰੀ ਅਤੇ ਨਾਟਕ ਦੀਆਂ ਹੋਰ ਝਾਕੀਆਂ