Go Back
16
Mar
2025

Kang Memorial School conducted TEST Pritibha Parakha for free education

Type : Acitivity

ਮੁਫਤ-ਸਿੱਖਿਆ ਲਈ ਕਰਵਾਈ ਗਈ ਪਰਖ਼-ਪ੍ਰੀਖਿਆ



ਕੰਗ ਯਾਦਗਾਰੀ ਸਿੱਖਿਆ ਸੰਸਥਾ ਬਸੀ ਗੁੱਜਰਾਂ ਵਿਖੇ, ਪਰਖ-ਪ੍ਰੀਖਿਆ ਦੇਣ ਆਏ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ

ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ-ਸੰਸਥਾ ਵਿਖੇ, ਇਲਾਕੇ ਦੇ ਲੋੜਵੰਦ ਪਰਿਵਾਰਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ, 6ਵੀਂ ਜਮਾਤ ਤੋਂ ਮੁਫਤ-ਸਿੱਖਿਆ ਦੇਣ ਲਈ ਪਰਖ-ਪ੍ਰੀਖਿਆ ਕਰਵਾਈ ਗਈ। ਸੰਸਥਾ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਹੋਰਾਂ ਨੇ ਵਿਦਿਆਰਥੀਆਂ ਦੇ ਵਾਰਸਾਂ ਨੂੰ ਦੱਸਿਆ ਕਿ ਅਜੋਕੇ ਖਿੰਡਾਅ ਦੇ ਸਮਿਆਂ ਵਿੱਚ ਵਿਦਿਆਰਥੀਆਂ ਲਈ ਸਿੱਖਿਆ ਹਾਸਲ ਕਰਨਾ ਵੀ ਚੁਣੌਤੀ ਬਣ ਚੁੱਕਾ ਹੈ, ਜਿਸ ਕਾਰਨ ਅਧਿਆਪਕਾਂ ਅਤੇ ਮਾਪਿਆਂ ਵੱਲੋਂ, ਹਰ ਸਮੇਂ ਵਿਦਿਆਰਥੀਆਂ ਦੀ ਸਰਗਰਮ ਪਹਿਰੇਦਾਰੀ ਕਰਨ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਸੰਸਥਾ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ, ਸਿੱਖਿਆ ਦੇ ਨਾਲ ਨਾਲ ਭਵਿੱਖ ਦੇ ਚੰਗੇ ਇਨਸਾਨ ਬਣਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਪ੍ਰੀਖਿਆ ਵਿੱਚ ਇਲਾਕੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀ ਸ਼ਾਮਲ ਹੋਏ। ਪ੍ਰਿੰਸੀਪਲ ਅਮਨਦੀਪ ਕੌਰ ਨੇ ਆਏ ਮਾਪਿਆਂ ਨੂੰ ਦੱਸਿਆ, ਕਿ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਮਿਸ਼ਨਰੀ-ਖਾਸੇ ਕਾਰਨ ਬੀਤੇ 25 ਸਾਲਾਂ ਤੋਂ ਇਸ ਪ੍ਰੀਖਿਆ ਦੁਆਰਾ, ਲੋੜਵੰਦ ਪਰਿਵਾਰਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਇਹ ਸਹੂਲਤ ਦਿੱਤੀ ਜਾਂਦੀ ਹੈ। ਦੱਸਿਆ ਗਿਆ ਕਿ ਮਿਲੀ ਸਹੂਲਤ ਦਾ ਲਾਭ ਉਠਾਉਂਦਿਆਂ, ਹੁਣ ਤੱਕ ਸੈਕੜੇ ਹੀ ਵਿਦਿਆਰਥੀ, ਵੱਖ ਵੱਖ ਕਿੱਤਿਆਂ ਵਿੱਚ ਵਕਾਰੀ-ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰੀਖਿਆ ਦੇ ਮੁਲਾਂਕਣ ਉਪਰੰਤ, ਸੰਸਥਾ ਦੇ ਨਿਗਰਾਨ, ਸਬੰਧਤ ਵਿਦਿਆਰਥੀਆਂ ਦੇ ਘਰਾਂ ਤੱਕ ਜਾ ਕੇ, ਉਸਦੇ ਲੋੜਵੰਦ ਹੋਣ ਦੀ ਪੁਸ਼ਟੀ ਕਰਨਗੇ। ਮੁਫਤ ਵਿੱਦਿਆ ਦੇ ਨਿਯਮਾਂ ’ਤੇ ਪੂਰੇ ਉੱਤਰਦੇ ਵਿਦਿਆਰਥੀਆਂ ਨੂੰ, ਸੰਸਥਾ ਦੀ ਪ੍ਰਬੰਧਕੀ ਕਮੇਟੀ, ਆਦਰਸ਼ ਐਜੂਕੇਸ਼ਨਲ ਟਰਸਟ ਸ੍ਰੀ ਚਮਕੌਰ ਸਾਹਿਬ ਸਾਂਝੇ ਤੌਰ ’ਤੇ ਵਿਦਿਆਰਥੀਆਂ ਲਈ ਵਿਤੀ ਵਸੀਲੇ ਜੁਟਾਉਂਦੇ ਹਨ। ਅਧਿਆਪਕ ਬੇਅੰਤ ਕੌਰ ਨੇ ਦੱਸਿਆ ਕਿ ਇਸ ਵਿਧੀ ਦੁਆਰਾ ਚੁਣੇ ਗਏ ਵਿਦਿਆਰਥੀਆਂ ਨੂੰ, ਸੰਸਥਾ ਤੋਂ ਪੜ੍ਹ ਚੁੱਕੇ ਸਮਰੱਥ ਵਿਦਿਆਰਥੀ ਅਤੇ ਹੋਰ ਮਿਹਰਬਾਨ, ਉਚੇਰੀ-ਸਿੱਖਿਆ ਲਈ ਅਪਣਾ ਲੈਂਦੇ ਹਨ। ਦੱਸਿਆ ਗਿਆ ਕਿ ਬੀਤੇ 3 ਸਾਲ ਤੋਂ ਅਜਿਹੇ 40 ਵਿਦਿਆਰਥੀ, ਅਪਣਾਏ ਜਾ ਚੁੱਕੇ ਹਨ। ਇਸ ਮੌਕੇ ’ਤੇ ਹਾਜਰ ਮਾਪਿਆਂ ਤੋਂ ਇਲਾਵਾ ਗਗਨਪ੍ਰੀਤ ਕੌਰ, ਨਰਿੰਦਰ ਸਿੰਘ, ਮਨਜੀਤ ਕੌਰ, ਰਣਜੀਤ ਕੌਰ, ਬਲਜੀਤ ਸਿੰਘ, ਬੁੱਧ ਸਿੰਘ, ਮਲਕੀਤ ਸਿੰਘ ਆਦਿ ਮੌਜੂਦ ਸਨ।