Dec
2024
Teachers Seminar - Teaching strategies and commitment to school staff
Type : Acitivity
ਸਕੂਲ ਸਟਾਫ਼ ਨੂੰ ਅਧਿਆਪਨ-ਜੁਗਤਾਂ ਦੱਸੀਆਂ ਅਤੇ ਪ੍ਰਤੀਬੱਧਤਾ ਲਈ ਪ੍ਰੇਰਿਆ
ਪਿੰਡ ਬਸੀ ਗੁੱਜਰਾਂ ਵਿਖੇ ਚੱਲ ਰਹੀਆਂ ਸ: ਗੁਰਦੇਵ ਸਿੰਘ ਕੰਗ ਯਾਦਗਾਰੀ
ਸਿੱਖਿਆ ਸੰਸਥਾ ਅਤੇ ਡਰੀਮਲੈਂਡ ਪਬਲਿਕ ਸਕੂਲ ਦੇ ਸਟਾਫ ਮੈਂਬਰਾਂ ਨੂੰ, ਉਚੇਚੇ ਤੌਰ
’ਤੇ ਪਹੁੰਚੇ ਮਾਸਟਰ ਭਜਨ ਸਿੰਘ ਕੈਲਗਰੀ ਅਤੇ ਐੱਨ ਆਰ ਆਈ ਸਭਾ ਪੰਜਾਬ ਦੇ ਉੱਪ
ਪ੍ਰਧਾਨ ਸ: ਸਤਨਾਮ ਸਿੰਘ ਚਾਨਾ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਅਧਿਆਪਨ ਇੱਕ
ਅਜਿਹਾ ਅਮਰ ਕਿੱਤਾ ਹੁੰਦਾ ਹੈ, ਜਿਸ ਰਾਹੀਂ ਸਬੰਧਤ ਅਧਿਆਪਕ ਦੀ ਲਿਆਕਤ,
ਰਹਿੰਦੀ ਦੁਨੀਆਂ ਤੱਕ ਸਮਾਜ ਵਿੱਚ ਜਰਬਾਂ ਖਾਂਦੀ ਰਹਿੰਦੀ ਹੈ। ਮਿਲੇ ਮੌਕਿਆਂ ਨੂੰ
ਸਾਂਭਦਿਆਂ, ਅਧਿਆਪਨ ਯੋਗਤਾ ਬਣਾ ਲੈਣੀ ਵੀ ਸਬੰਧਤ ਲਈ ਵਰਦਾਨ ਹੁੰਦੀ ਹੈ, ਹਰ
ਅਧਿਆਪਕ ਨੂੰ ਇਸ ਅਮੀਰੀ ਦਾ ਅਹਿਸਾਸ ਰਹਿਣਾ ਚਾਹੀਦਾ ਹੈ। ਦੱਸਿਆ ਗਿਆ ਕਿ
ਅਧਿਆਪਨ ਕਿੱਤਾ, ਡਾਕਟਰੀ ਤੋਂ ਵੀ ਵਧਕੇ ਹੈ, ਕਿਉਂਕਿ ਡਾਕਟਰ ਦੀ ਅਣਗਹਿਲੀ ਤਾਂ
ਛੁਪ ਸਕਦੀ ਹੈ, ਪਰ ਅਧਿਆਪਕੀ ਕਸਰਾਂ ਕਾਰਨ, ਜਿੱਥੇ ਸ਼ਗਿਰਦ ਨੂੰ ਉਮਰ ਭਰ ਲਈ ਅਧੂਰਾ
ਰਹਿਣ ਦਾ ਸਰਾਪ ਮਿਲ ਜਾਂਦਾ ਹੈ, ਉੱਥੇ ਅਧੂਰਾ ਵਿਅਕਤੀ ਸਮਾਜ ਲਈ ਵੀ ਬੋਝ ਬਣ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਸਿੱਖਿਆ-ਰੌਚਿਕਤਾ ਲਈ ਹਰ ਅਧਿਆਪਕ, ਹਰ ਰੋਜ਼ ਆਪਣੇ
ਵਿਸ਼ੇ ਦਾ ਅਤੇ ਦੇਸ ਦੁਨੀਆਂ ਵਿੱਚ ਵਾਪਰ ਰਹੇ ਵਰਤਾਰਿਆਂ ਦਾ ਗਿਆਨ ਲੈ ਕੇ
ਵਿਦਿਆਰਥੀਆਂ ਵਿੱਚ ਪਹੁੰਚੇ, ਅਜਿਹਾ ਤਾਂ ਹੀ ਸੰਭਵ ਹੋਵੇਗਾ, ਜੇਕਰ ਅਧਿਆਪਕ
ਹਵਾਲਾ ਪੁਸਤਕਾਂ ਫਰੋਲਦਾ ਰਹੇਗਾ, ਲਾਇਬਰੇਰੀ ਦਾ ਹਿੱਸਾ ਬਣੇਗਾ ਅਤੇ ਰੋਜ਼ਾਨਾਂ
ਅਖਬਾਰਾਂ ਪੜ੍ਹੇਗਾ। ਦੱਸਿਆ ਗਿਆ ਕਿ ਜਿਹੜੇ ਅਧਿਆਪਕ ਆਪਣੇ ਵਿਸ਼ੇਸ਼ ਗੁਣ ਕਾਰਨ,
ਵਿਦਿਆਰਥੀਆਂ ਦੇ ਦਿਲਾਂ ਤੱਕ ਰਾਹ ਬਣਾ ਲੈਂਦੇ ਹਨ, ਉਨ੍ਹਾਂ ਲਈ ਸਬੰਧਤ ਅਧਿਆਪਕ
ਚੁਣੌਤੀ-ਰਹਿਤ ਹਸਤੀ ਬਣ ਜਾਂਦਾ ਹੈ। ਇਸ ਮੌਕੇ ’ਤੇ ਸੰਸਥਾ ਦੇ ਨਿਰਦੇਸ਼ਕ ਸਵਰਨ ਸਿੰਘ
ਭੰਗੂ ਨੇ ਦੱਸਿਆ ਕਿ ਇਹ ਸੰਸਥਾ, ਸਵਾਰਥ ਤੋਂ ਪਰ੍ਹੇ ਹੈ ਅਤੇ ਇਸ ਵਿੱਚ ਇਲਾਕੇ ਦੇ
ਲੋੜਵੰਦ ਪਰਿਵਾਰਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਦਿੱਤੀ ਜਾਂਦੀ ਹੈ।
ਉਨ੍ਹਾਂ ਅਜਿਹੇ ਵਿਦਿਆਰਥੀਆਂ ਬਾਰੇ ਦੱਸਿਆ, ਜਿਨ੍ਹਾਂ ਨੇ ਸੰਸਥਾ ਦੀ ਇਸ ਸਹੂਲਤ
ਦਾ ਲਾਭ ਲੈ ਕੇ ਆਪੋ-ਆਪਣੀਆਂ ਤਕਦੀਰਾਂ ਬਦਲੀਆਂ ਹਨ। ਸੰਸਥਾ ਦੀ ਪਿ੍ਰੰਸੀਪਲ
ਅਮਨਦੀਪ ਕੌਰ ਨੇ ਦੱਸਿਆ ਕਿ ਇਹ ਇੱਕ ਅਜਿਹੀ ਸੰਸਥਾ ਹੈ, ਜਿਸਦੀ ਜ਼ਮੀਨ,
ਇਮਾਰਤਾਂ, ਟਰਾਂਸਪਸਰਟ ਅਤੇ ਹੋਰ ਸਾਜੋ-ਸਮਾਨ ਆਦਿ ਸਮਾਜ ਦੇ ਸਮਰੱਥ ਅਤੇ ਮਿਹਰਬਾਨ
ਲੋਕਾਂ ਦੀ ਬਦੌਲਤ ਹੈ। ਸੰਸਥਾ ਦੇ ਸ਼ੁਭਚਿੰਤਕ ਡਾ: ਕੁਲਦੀਪ ਸਿੰਘ ਨੇ ਇਨ੍ਹਾਂ ਸੰਸਥਾਵਾਂ ਨੂੰ
ਖੜ੍ਹੀਆਂ ਕਰਨ ਪਿੱਛੇ ਉਦੇਸ਼ ਸਪਸ਼ਟ ਕੀਤਾ। ਇਹ ਸਾਰਾ ਕੁੱਝ ਜਾਣ ਲੈਣ ਉਪਰੰਤ
ਆਏ ਮਹਿਮਾਨਾਂ ਨੇ ਸੰਸਥਾ ਦੀ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਇਸ ਮੌਕੇ
’ਤੇ ਮਲਕੀਤ ਸਿੰਘ ਸਵੈਚ (ਸਰੀ), ਸ਼੍ਰੀਮਤੀ ਸੁਰਿੰਦਰ ਕੌਰ ਕੈਲਗਰੀ, ਨਾਟਕਕਾਰ
ਹਰਕੇਸ਼ ਚੌਧਰੀ, ਤਰਕਸ਼ੀਲ ਆਗੂ ਜਸਵੰਤ ਜ਼ੀਰਖ, ਕਾਮਰੇਡ ਰਘਵੀਰ ਸਿੰਘ, ਲੈਕਚਰਾਰ
ਗੁਰਜੀਤ ਸਿੰਘ ਆਦਿ ਸ਼ਾਮਲ ਸਨ।
ਕੰਗ ਯਾਦਗਾਰੀ ਸੰਸਥਾ ਵਿਖੇ ਅਧਿਆਪਨ-ਪ੍ਰਤੀਬੱਧਤਾ ’ਤੇ ਹੋਏ ਵਿਸ਼ੇਸ਼ ਸਮਾਗਮ ਦੀ
ਦੀਆਂ ਝਲਕੀਆਂ।