Go Back
8
May
2023

The foundation day of Kang Memorial Educational Institution was celebrated

Type : Acitivity

ਕੰਗ ਯਾਦਗਾਰੀ ਸਿੱਖਿਆ-ਸੰਸਥਾ ਦਾ ਸਥਾਪਨਾ ਦਿਵਸ ਮਨਾਇਆ



ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ-ਸੰਸਥਾ ਦਾ 26ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਸੰਸਥਾ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਨੇ ਦੱਸਿਆ ਕਿ ਸਵਾਰਥ-ਰਹਿਤ ਅਤੇ ਮਿਸ਼ਨਰੀ-ਖਾਸੇ ਦੇ ਵਿਚਾਰ ਦੀ ਸਰਦਾਰੀ ਹੇਠ, ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ ਸ੍ਰੀ ਚਮਕੌਰ ਸਾਹਿਬ ਅਧੀਨ, ਜਿਹੜੀ ਸੰਸਥਾ 7 ਮਈ 1997 ਨੂੰ ਕੇਵਲ 34 ਵਿਦਿਆਰਥੀਆਂ ਨਾਲ ਸ਼ੁਰੂ ਕੀਤੀ ਗਈ ਸੀ, ਉਹ ਨਿੱਕਾ ਕਦਮ, ਹੁਣ ਕਾਫਲਾ ਬਣ ਚੁੱਕਾ ਹੈ, ਜਿਸਨੇ ਹਜ਼ਾਰਾਂ ਵਿਦਿਆਰਥੀਆਂ ਦੀਆਂ ਤਕਦੀਰਾਂ ਬਦਲੀਆਂ ਹਨ। ਉਨ੍ਹਾਂ ਦੱਸਿਆ ਕਿ ਔਖੀਆਂ ਹਾਲਤਾਂ ਦੇ ਬਾਵਜੂਦ ਇਸ ਸੰਸਥਾ ਨੇ ਨਵੇਂ ਲਾਂਘੇ ਭੰਨੇ ਹਨ। ਲੋੜਵੰਦ ਪਰਿਵਾਰਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਪ੍ਰਵਾਨ ਚੜ੍ਹਾਉਂਦੀ ਆ ਰਹੀ ਇਸ ਸੰਸਥਾ ਨੂੰ ਸਮਾਜ ਦੇ ਵਿੱਦਿਅਕ-ਚਿੰਤਕ, ਮਿਹਰਬਾਨ ਅਤੇ ਸਮਰੱਥ ਲੋਕਾਂ ਨੇ ਜ਼ਮੀਨ ਖਰੀਦਣ, ਇਮਾਰਤਾਂ ਬਣਾਉਣ ਅਤੇ ਸਾਜੋ-ਸਮਾਨ ਖਰੀਦਣ ਵਿੱਚ ਸਹਿਯੋਗ ਦਿੱਤਾ ਹੈ। ਦੱਸਿਆ ਗਿਆ ਕਿ ਪ੍ਰਬੰਧਕੀ ਕਮੇਟੀ ਇਸ ਸੰਸਥਾ ਦੀ ਪਹਿਰੇਦਾਰ ਤਾਂ ਹੈ, ਪਰ ਇਸ ਧਰਤੀ ’ਤੇ ਉੱਸਰੀ ਹੋਈ ਇਹ ਸੰਸਥਾ, ਸਮਾਜਿਕ-ਜਾਇਦਾਦ ਹੈ, ਜੋ ਕਿ ਪੇਂਡੂ ਸਿੱਖਿਆ ਦੇ ਖੇਤਰ ਵਿੱਚ ਇੱਕ ਨਵੇਕਲੀ ਸੰਸਥਾ ਹੈ। ਸੰਸਥਾ ਦੀ ਪ੍ਰਿੰਸੀਪਲ ਅਮਨਦੀਪ ਕੌਰ ਨੇ ਦੱਸਿਆ ਕਿ ਇਹ ਸੰਸਥਾ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ ਨਾਲ, ਸਮਝ ਨਾਲ ਵੀ ਜੋੜਦੀ ਹੈ, ਤਾਂ ਕਿ ਵਿਦਿਆਰਥੀ ਭਵਿੱਖ ਦੇ ਮਾਣਮੱਤੇ ਲੋਕ ਬਣਨ, ਜਿਊਂਣ ਜੋਗੇ ਬਣਨ। ਸਹਿਯੋਗੀ ਸੰਸਥਾ (ਸੀ ਬੀ ਐੱਸ ਈ ਵਿੰਗ) ਡਰੀਮਲੈਂਡ ਪਬਲਿਕ ਸਕੂਲ ਦੀ ਪ੍ਰਿੰਸੀਪਲ ਨਵਪ੍ਰੀਤ ਕੌਰ ਅਨੁਸਾਰ, ਵਡਮੁੱਲੀ ਸਿਫਤ ਵਜੋਂ, ਵਿਦਿਆਰਥੀਆਂ, ਸਟਾਫ ਅਤੇ ਮਾਪਿਆਂ ਪ੍ਰਤੀ ਇਸ ਸੰਸਥਾ ਦੀ ਪਹੁੰਚ, ਮੁੱਢ ਤੋਂ ਹੀ ਮਾਨਵੀ ਰਹੀ ਹੈ। ਪ੍ਰਬੰਧਕੀ ਕਮੇਟੀ ਮੈਂਬਰ ਅਤੇ ਸੰਸਥਾ ਦੇ ਪ੍ਰਾਇਮਰੀ ਵਿੰਗ ਦੀ ਇੰਚਾਰਜ਼ ਬੇਅੰਤ ਕੌਰ ਨੇ ਸੰਸਥਾ ਦੇ ਇਤਿਹਾਸ ’ਤੇ ਝਾਤ ਪੁਆਈ। 8ਵੀਂ ਕਲਾਸ, ਅੰਗਰੇਜ਼ੀ ਵਿਸ਼ੇ ਵਿੱਚੋਂ 100ਫੀਸਦੀ ਨਤੀਜਾ ਦੇਣ ਦੇ ਮਾਣ ਵਜੋਂ ਅੰਮ੍ਰਿਤਪਾਲ ਕੌਰ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਪ੍ਰੇਰਿਆ ਗਿਆ, ਕਿ ਉਹ ਟੀਚੇ ਮਿਥ ਕੇ ਸਿੱਖਿਆ ਹਾਸਲ ਕਰਨ ਤਾਂ ਕਿ ਭਵਿੱਖ ਵਿੱਚ, ਜ਼ਿੰਦਗੀ ਵਿੱਚਲਾ ਅਧੂਰਾਪਣ ਉਨ੍ਹਾਂ ਦਾ ਪਛਤਾਵਾ ਨਾ ਬਣ ਸਕੇ। ਹੋਰ ਵਕਤਾਵਾਂ ਵਿੱਚ ਵੀਰਇੰਦਰ ਸਿੰਘ, ਨਰਿੰਦਰ ਸਿੰਘ ਅਤੇ ਸਰਬਜੀਤ ਸਿੰਘ ਸ਼ਾਮਲ ਸਨ। ਇਸ ਮੌਕੇ ’ਤੇ ਵਿਦਿਆਰਥੀਆਂ, ਸਟਾਫ ਮੈਂਬਰਾਂ ਅਤੇ ਇਮਾਰਤ ਦੇ ਨਿਰਮਾਣ ਵਿੱਚ ਲੱਗੇ ਮਜ਼ਦੂਰਾਂ ਨੂੰ ਲੱਡੂ ਖੁਆਏ ਗਏ। ਇਸ ਸਮੇਂ ਪ੍ਰਬੰਧਕੀ ਕਮੇਟੀ ਮੈਂਬਰ ਚੌਧਰੀ ਤੀਰਥ ਰਾਮ, ਜਗਮੀਤ ਕੌਰ, ਨਰਿੰਦਰ ਕੌਰ, ਦਲਜੀਤ ਕੌਰ, ਗਗਨਪ੍ਰੀਤ ਕੌਰ, ਕਿਰਨਜੋਤ ਕੌਰ, ਬਲਵਿੰਦਰ ਸਿੰਘ, ਵਰਿੰਦਰ ਕੋਰ ਆਦਿ ਸ਼ਾਮਲ ਸਨ।

ਕੰਗ ਯਾਦਗਾਰੀ ਸਿੱਖਿਆ-ਸੰਸਥਾ ਬਸੀ ਗੁੱਜਰਾਂ ਦਾ ਸਥਾਪਨਾ ਦਿਵਸ ਮਨਾਏ ਜਾਣ ਸਮੇਂ, ਵਿਦਿਆਰਥੀਆਂ ਨੂੰ ਲੱਡੂ ਵੰਡੇ ਜਾਣ ਦਾ ਦ੍ਰਿਸ਼