Go Back
19
Mar
2024

The film Whistle, giving the message of living with pride, was released

Type : Acitivity

ਸਵੈਮਾਣ ਨਾਲ ਜਿਊਂਣ ਦਾ ਸੁਨੇਹਾ ਦਿੰਦੀ ਫਿਲਮ ‘ਵਿਸਲ’ ਵਿਖਾਈ


ਨਜ਼ਰ ਤੋਂ ਨਜ਼ਰੀਏ ਤੱਕ ਦਾ ਵਰਦਾਨ ਹੁੰਦੀ ਹੈ ਸਿੱਖਿਆ - ਨਵਜੋਤ ਢਿੱਲੋਂ
‘‘ਭਾਵੇਂ ਹੀ ਰਸਮੀਂ-ਸਿੱਖਿਆ ਹਾਸਲ ਕਰਨ ਦੇ ਬਹੁਤ ਸਾਰੇ ਮੌਕਾ-ਮੇਲ ਹੁੰਦੇ ਹਨ, ਪਰ ਆਪਣੀ ਨਜ਼ਰ ਨੂੰ, ਦੂਰ ਦਿਸਹੱਦਿਆਂ ਤੋਂ ਵੀ ਪਾਰ ਵੇਖਣ ਦਾ ਨਜ਼ਰੀਆ ਬਣਾਉਣ ਲਈ, ਲਗਾਤਾਰ ਵਿਅਕਤੀਗਤ ਕੋਸ਼ਿਸ਼ਾਂ ਦੀ ਲੋੜ ਹੁੰਦੀ ਹੈ, ਕਿਉਂਕਿ ਜ਼ਿੰਦਗੀ ਨਾਲ ਜੁੜੀ ਹੋਈ ਸਿੱਖਿਆ ਦਾ ਕੋਈ ਬਦਲ ਨਹੀਂ ਹੁੰਦਾ।’’ ਇਹ ਵਿਚਾਰ ਚਿਰ ਤੋਂ ਕੈਨੇਡਾ ਰਹਿ ਰਹੀ ਸਮਾਜਿਕ ਕਾਰਕੁੰਨ ਅਤੇ ‘ਨਵਜੋਤ ਢਿੱਲੋਂ ਵਾਲ’ ਦੁਆਰਾ ਸ਼ੋਸ਼ਲ-ਮੀਡੀਆ ’ਤੇ ਸਰਗਰਮ ਰਹਿਣ ਵਾਲੀ ਸ਼੍ਰੀਮਤੀ ਨਵਜੋਤ ਕੌਰ ਢਿੱਲੋਂ ਨੇ ਪ੍ਰਗਟ ਕੀਤੇ। ਉਹ ਕੰਗ ਯਾਦਗਾਰੀ ਸਿੱਖਿਆ ਸੰਸਥਾਵਾਂ ਵਿੱਚ ਸਕੂਲ ਸਟਾਫ ਅਤੇ ਵਿਦਿਆਰਥੀਆਂ ‘ਦਿਲ ਦੀਆਂ ਗੱਲਾਂ’ ਪ੍ਰੋਗਰਾਮ ਵਿੱਚ ਬੋਲ ਰਹੇ ਸਨ। ਉਨ੍ਹਾਂ ਦੱਸਿਆ ਕਿ ਬਾਕੀ ਜੀਵ ਜੰਤੂਆਂ ਦੇ ਮੁਕਾਬਲੇ, ਕੁਦਰਤ ਨੇ ਮਨੁੱਖ ਨੂੰ ਉੱਤਮ-ਪ੍ਰਾਣੀ ਹੋਣ ਦਾ ਵਰ ਦਿੱਤਾ ਹੋਇਆ ਹੈ, ਜਿਸ ਕਾਰਨ ਹਮੇਸ਼ਾਂ ਇਹ ਅਹਿਸਾਸ ਕਰਦੇ ਰਹਿਣਾ ਚਾਹੀਦਾ ਹੈ ਕਿ ਮਨੁੱਖ, ਕੇਵਲ ਆਪਣੇ ਨਿੱਜ ਲਈ ਹੀ ਨਹੀਂ ਬਣਿਆਂ, ਸਗੋਂ ਮਨੁੱਖੀ ਸਮਾਜ, ਜੀਵ-ਜਗਤ ਅਤੇ ਪ੍ਰਕਿਰਤੀ ਲਈ, ਉਸਦੇ ਵਡੇਰੇ ਫਰਜ਼ ਹਨ ਅਤੇ ਇਹ ਫਰਜ਼ ਅਦਾ ਕਰਦਿਆਂ ਸਾਨੂੰ ਹਰੇਕ ਨੂੰ ਆਪਣਾ ਸ਼ਾਨਦਾਰ ਅਤੇ ਪ੍ਰਭਾਵੀ-ਇਤਿਹਾਸ ਬਣਾਉਣਾ ਚਾਹੀਦਾ ਹੈ। ਇਸ ਮੌਕੇ ’ਤੇ ਉਨ੍ਹਾਂ ਆਪਣੀ ਛੋਟੀ ਫਿਲਮ ‘ਵਿਸਲ’ ਨੂੰ ਬਣਾਉਣ ਪਿੱਛੇ ਆਪਣਾ ਮਨੋਰਥ ਦੱਸਦਿਆਂ ਕਿਹਾ, ਕਿ ਸਾਡੇ ਸਮਾਜ ਵਿੱਚ ਵਧ ਰਹੀਆਂ ਲੜਕੀਆਂ ’ਤੇ ਅਨੇਕਾਂ ਬੰਦਸ਼ਾਂ ਲਾਈਆਂ ਜਾਂਦੀਆਂ ਹਨ, ਜੋ ਉਨ੍ਹਾਂ ਦੇ ਕੁਦਰਤੀ ਮਾਨਸਿਕ, ਸਮਾਜਿਕ ਅਤੇ ਸਰੀਰਕ ਵਿਕਾਸ ਲਈ ਬੇਹੱਦ ਘਾਤਕ ਹੁੰਦੀਆਂ ਹਨ। ਇਸ ਮੌਕੇ ’ਤੇ ਸਕੂਲ ਦੀ ਪ੍ਰਿੰਸੀਪਲ ਅਮਨਦੀਪ ਕੌਰ, ਨਵਪ੍ਰੀਤ ਕੌਰ ਅਤੇ ਕਿੰਡਰ ਗਾਰਟਨ ਦੀ ਇੰਚਾਰਜ਼ ਬੇਅੰਤ ਕੌਰ ਕਿਹਾ ਕਿ ਇਹ ਛੋਟੀ ਫਿਲਮ, ਮਾਪਾ-ਵਰਗ ਲਈ ਵੱਡਾ ਸੁਨੇਹਾ ਹੈ ਅਤੇ ਇਹ ਵੱਡੇ ਪੱਧਰ ’ਤੇ ਮਾਪਿਆਂ ਨੂੰ ਵਿਖਾਈ ਜਾਣੀ ਚਾਹੀਦੀ ਹੈ। ਸੰਸਥਾਵਾਂ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਨੇ ਦੱਸਿਆ ਕਿ ਪੰਜਾਬ ਵਿੱਚ ਰਹਿਣ ਸਮੇਂ ਨਵਜੋਤ ਨੇ ਮਾਸਟਰ ਡਿਗਰੀਆਂ ਤੱਕ ਦੀ ਸਿੱਖਿਆ ਹੀ ਹਾਸਲ ਨਹੀਂ ਕੀਤੀ, ਸਗੋਂ ਉਹ ਵਕਾਰੀ ਅਖਬਾਰਾਂ ਦੀ ਪ੍ਰਤੀਨਿਧ ਰਹੀ ਹੈ ਅਤੇ ਕਾਲਜ ਲੈਕਚਰਾਰ ਵੀ। ਦੱਸਿਆ ਗਿਆ ਕਿ ਉਸਦੇ ਸਰੀ (ਕੈਨੇਡਾ) ਸਥਿਤ ਸਟੂਡੀਓ ਵਿੱਚ ਵੱਖ ਵੱਖ ਖੇਤਰਾਂ ਦੀਆਂ ਮਿਸਾਲੀ ਹਸਤੀਆਂ ਪਹੁੰਚਦੀਆਂ ਹਨ ਅਤੇ ਉਨ੍ਹਾਂ ਦੀ ਇੰਟਰਵਿਊ ਕਰਦੇ ਸਮੇਂ, ਨਵਜੋਤ ਬੇਹੱਦ ਗਹਿਰੇ ਸਵਾਲ ਕਰਕੇ, ਸਬੰਧਤ ਦੀ ਪ੍ਰਤਿਭਾ ਨੂੰ ਦਰਸ਼ਕਾਂ ਦੀ ਨਜ਼ਰ ਕਰਦੀ ਹੈ। ਇਸ ਮੌਕੇ ’ਤੇ ਸਮਾਜਿਕ ਕਾਰਕੁੰਨ ਰਮਨਪ੍ਰੀਤ ਕੌਰ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ’ਤੇ ਭਾਰਤੀ, ਮਧੂ ਬਾਲਾ, ਜਸਪ੍ਰੀਤ ਕੌਰ, ਗਗਨਦੀਪ ਕੌਰ, ਸੁੰਦਰਜੀਤ ਕੌਰ, ਦਲਜੀਤ ਕੌਰ, ਮਨਪ੍ਰੀਤ ਕੌਰ, ਬਰਿੰਦਰ ਕੌਰ, ਸਰਬਜੀਤ ਕੌਰ ਆਦਿ ਹਾਜ਼ਰ ਸਨ।


ਕੰਗ ਯਾਦਗਾਰੀ ਸਿੱਖਿਆ ਸੰਸਥਾਵਾਂ ਪਿੰਡ ਬਸੀ ਗੁੱਜਰਾਂ ਵਿੱਚ ਛੋਟੀ ਫਿਲਮ ‘ਵਿਸਲ’ ਦਾ ਪੋਸਟਰ ਜਾਰੀ ਕਰਨ ਅਤੇ ਫਿਲਮ ਵਿਖਾਏ ਜਾਣ ਸਮੇਂ ਦੇ ਦ੍ਰਿਸ਼