Go Back
9
Feb
2024

Farewell given to +2 students at Kang Memorial Institute

Type : Acitivity

ਕੰਗ ਯਾਦਗਾਰੀ ਸੰਸਥਾ ਵਿੱਚ +2 ਦੇ ਵਿਦਿਆਰਥੀਆਂ ਨੂੰ ਦਿੱਤੀ ਰਸਮੀਂ ਵਿਦਾਇਗੀ

ਸਖਤ ਸਾਧਨਾ ਕਰਕੇ, ਪ੍ਰਭਾਵੀ ਵਿਅਕਤੀਤਵ ਬਣਾਉਣ ਦਾ ਸੁਨੇਹਾ ਦਿੱਤਾ

ਸ: ਗੁਰਦੇਵ ਸਿੰਘ ਕੰਗ ਮੈਮੋਰੀਅਲ ਰੂਰਲ ਇੰਸਟੀਚਿਊਟ ਫਾਰ ਕਰੀਅਰ ਕੋਰਸਿਜ਼ ਬਸੀ ਗੁੱਜਰਾਂ ਵਿਖੇ +2 ਦੇ ਵਿਦਿਆਰਥੀਆਂ ਨੂੰ ਰਸਮੀਂ ਵਿਦਾਇਗੀ ਦਿੱਤੀ ਗਈ। ਇਸ ਤੋਂ ਪਹਿਲਾਂ ਵਿਦਿਆਰਥੀਆਂ ਨੇ ‘ਉਹ ਜਾਂਦੇ ਜਾਂਦੇ ਕਹਿ ਗਏ’ ਵਿਸ਼ੇ ਅਧੀਨ ਆਪੋ-ਆਪਣੇ ਅਨੁਭਵ ਅਤੇ ਸੰਸਥਾ ਦੀ ਬਿਹਤਰੀ ਲਈ ਸੁਝਾਅ ਨੋਟ ਕਰਾਏ। ਇਸ ਮੌਕੇ ’ਤੇ ਵਿਦਿਆਰਥੀਆਂ ਨੇ ਹਲਕਾ ਮਨੋਰੰਜਨ ਵੀ ਕੀਤਾ ਅਤੇ ਆਪਣੇ ਜੀਵਨ ਵਿੱਚ ਔਖੀਆਂ ਹਾਲਤਾਂ ਦੇ ਬਾਵਜੂਦ ਸਖਤ ਸਾਧਨਾ ਕਰਕੇ ਪ੍ਰਵਾਨ ਚੜ੍ਹੇ, ਆਈ ਪੀ ਐੱਸ ਅਧਿਕਾਰੀ ਮਨੋਜ ਕੁਮਾਰ ਦੀ ਜ਼ਿੰਦਗੀ ’ਤੇ ਅਧਾਰਤ ਫਿਲਮ ‘+2 ਫੇਲ’ ਫਿਲਮ ਵੇਖੀ। ਸੰਸਥਾ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਨੇ ਸੰਸਥਾ ਵੱਲੋਂ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਹਰ ਵਿਦਿਆਰਥੀ ਨੂੰ ਵਿਦਿਅਕ ਸੈਸ਼ਨ ਦੌਰਾਨ, ਇਸ ਹੱਦ ਤੱਕ ਮਿਹਨਤ ਕਰਨੀ ਚਾਹੀਦੀ ਹੈ ਕਿ ਪ੍ਰੀਖਿਆ ਦੇ ਨਤੀਜੇ ਸਮੇਂ ਉਸਨੂੰ ਆਪਣੀਆਂ ਅਣਗਹਿਲੀਆਂ ’ਤੇ ਝੂਰਨਾ ਨਾ ਪਏ। ਉਨ੍ਹਾਂ ਵਿਦਿਆਰਥੀਆਂ ਦੇ +2 ਕਰਨ ਉਪਰੰਤ ਵਿਦੇਸ਼ ਜਾਣ ਦੇ ਰੁਝਾਨ ਨੂੰ ਨਿਰਉਤਸ਼ਾਹਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਜ਼ਿੰਦਗੀ ਵਿੱਚ ਸਫਲ ਹੋਣ ਲਈ ਉਹ ਨੇੜਲਾ ਰਸਤਾ ਨਾ ਅਪਨਾਉਣ, ਸੱਚੀ ਸਫਲਤਾ ਲਈ ਟੀਚਾ ਮਿਥਣ ਅਤੇ ਸਮਾਧੀ ਦੀ ਹੱਦ ਤੱਕ ਸਖਤ ਸਾਧਨਾਂ ਕਰਨ। ਉਨ੍ਹਾਂ ਵਿਦਿਆਰਥੀਆਂ ਨੂੰ ਲਾਇਬਰੇਰੀ ਨਾਲ ਜੁੜਨ ਲਈ ਪ੍ਰੇਰਿਆ। ਸੰਸਥਾ ਦੀ ਪ੍ਰਿੰਸੀਪਲ ਅਮਨਦੀਪ ਕੌਰ ਨੇ ਕਿਹਾ ਕਿ ਜੀਵਨ ਵਿੱਚ ਖੜ੍ਹੇ ਹੋਣ ਲਈ ਹਰ ਇੱਕ ਨੂੰ ਆਪਣੇ ਹਿੱਸੇ ਦੀ ਥਾਂ ਬਣਾਉਣੀ ਪੈਂਦੀ ਹੈ, ਜੀਵਨ ਵਿੱਚ ਪੈੜਾਂ ਛੱਡਣ ਲਈ ਆਪੋ-ਆਪਣੇ ਰਸਤੇ ਬਣਾਉਣ ਦੀ ਲੋੜ ਹੈ। ਡਰੀਮਲੈਂਡ ਪਬਲਿਕ ਸਕੂਲ ਦੀ ਪ੍ਰਿੰਸੀਪਲ ਨਵਪ੍ਰੀਤ ਕੌਰ ਨੇ ਕਿਹਾ ਕਿ ਸਾਰੇ ਵਿਦਿਆਰਥੀ ਨਿਮਰਤਾ, ਦਿਆਲਤਾ, ਹਮਦਰਦੀ, ਸਹਿਯੋਗ ਅਤੇ ਸੰਜਮ ਅਪਣਾਉਂਦੇ ਹੋਏ ਸਮਾਜ ਦੇ ਮਾਣਮੱਤੇ ਸ਼ਹਿਰੀ ਬਣਨ। ਸੀਨੀਅਰ ਸਟਾਫ ਮੈਂਬਰ ਬੇਅੰਤ ਕੌਰ ਨੇ ਕਿਹਾ ਕਿ ਹਰ ਵਿਦਿਆਰਥੀ ਆਪਣੀਆਂ ਪ੍ਰਾਪਤੀਆਂ ਦਾ ਪ੍ਰਭਾਵੀ ਬਿਓਰਾ ਬਣਾਏ ਅਤੇ ਆਪਣੇ ਦਸਤਖਤਾਂ ਨੂੰ ਆਟੋਗ੍ਰਾਫ ਵਿੱਚ ਬਦਲੇ। ਆਪੋ-ਆਪਣੇ ਵਿਚਾਰ ਰੱਖਣ ਵਾਲੇ ਵਿਸ਼ਾ ਅਧਿਆਪਕਾਂ ਵਿੱਚ ਦਲਜੀਤ ਕੌਰ, ਕਿਰਨਜੋਤ ਕੌਰ, ਜਸਪ੍ਰੀਤ ਕੌਰ, ਇੰਦਰਵੀਰ ਸਿੰਘ, ਗਗਨਦੀਪ ਕੌਰ ਆਦਿ ਸ਼ਾਮਲ ਸਨ। ਆਪਣੇ ਅਨੁਭਵ ਪ੍ਰਗਟ ਕਰਨ ਵਾਲੇ ਵਿਦਿਆਰਥੀਆਂ ਵਿੱਚ ਨਵਨੀਤ ਕੌਰ, ਪਾਵਨੀ ਵਿੱਜ, ਕਿਰਨਜੋਤ ਕੌਰ, ਸੁਪਮਨਪ੍ਰੀਤ ਕੌਰ ਅਤੇ ਮਨਪ੍ਰੀਤ ਸ਼ਾਮਲ ਸਨ।

ਕੰਗ ਯਾਦਗਾਰੀ ਸੰਸਥਾ ਬਸੀ ਗੁੱਜਰਾਂ ਵਿਖੇ, +2 ਦੀ ਰਸਮੀਂ ਵਿਦਾਇਗੀ ਸਮੇਂ ਯਾਦਗਾਰੀ ਤਸਵੀਰ ਖਿਚਾਉਂਦੇ ਹੋਏ +2 ਦੇ ਵਿਦਿਆਰਥੀ ਅਤੇ ਸਟਾਫ ਮੈਂਬਰ