Go Back
15
Jan
2024

Workshop on the importance of choosing a career during education

Type : Acitivity

ਸਿੱਖਿਆ ਦੌਰਾਨ ਕਿੱਤਾ ਚੁਣਨ ਦੀ ਮਹੱਤਤਾ ਵਿਸ਼ੇ ’ਤੇ ਵਰਕਸ਼ਾਪ

ਜ਼ਿੰਦਗੀ ਵਿੱਚ ਸਫਲ ਹੋਣ ਲਈ, ਕੋਈ ਨੇੜਲਾ ਰਸਤਾ ਨਹੀਂ ਹੁੰਦਾ – ਡਾ: ਨਿਸ਼ਾ ਸਿੰਘ

"ਸਿੱਖਿਆ ਕੇਵਲ ਕਿਤਾਬੀ ਗਿਆਨ ਹੀ ਨਹੀਂ, ਸਗੋਂ ਪੜ੍ਹਾਈ ਵਰਿ੍ਹਆਂ ਦੌਰਾਨ ਟੀਚਾ ਮਿਥ ਕੇ ਅਤੇ ਸੰਜੀਦਗੀ ਨਾਲ ਹਾਸਲ ਕੀਤੀ ਸਿੱਖਿਆ, ਸਬੰਧਤ ਲਈ ਜਿੱਥੇ ਉੱਪਜੀਵਿਕਾ ਦਾ ਸਾਧਨ ਬਣਦੀ ਹੈ, ਉੱਥੇ ਰੁਤਬਾ ਵੀ ਬਣਦੀ ਹੈ, ਸੇਵਾ ਦਾ ਘੇਰਾ ਵੀ ਬਣਦੀ ਹੈ ਅਤੇ ਸਭ ਤੋਂ ਵੱਧ, ਹਾਸ਼ੀਏ ਤੋਂ ਪਾਰ ਵੇਖਣ ਵਾਲਾ ਨਜ਼ਰੀਆ ਵੀ।" ਇਹ ਵਿਚਾਰ ਗੌਰਮਿੰਟ ਐਜੂਕੇਸ਼ਨਲ ਕਾਲਜ ਚੰਡੀਗੜ੍ਹ ਦੀ ਪ੍ਰੋਫੈਸਰ ਅਤੇ ਵਿਸ਼ਾ ਮਾਹਿਰ ਡਾ: ਨਿਸ਼ਾ ਸਿੰਘ ਨੇ ਪ੍ਰਗਟ ਕੀਤੇ। ਉਹ ਨਜ਼ਦੀਕੀ ਪਿੰਡ ਬਸੀ ਗੁੱਜਰਾਂ ਦੀਆਂ ਕੰਗ ਯਾਦਗਾਰੀ ਸਿੱਖਿਆ ਸੰਸਥਾਵਾਂ ਦੇ ਸੀਨੀਅਰ ਵਿਦਿਆਰਥੀਆਂ ਨੂੰ ‘ਪੜ੍ਹਾਈ ਦੌਰਾਨ ਕਿੱਤਾ ਚੁਣਨ ਦੀ ਮਹੱਤਤਾ’ ਵਿਸ਼ੇ ’ਤੇ ਕਰਵਾਈ ਗਈ ਵਰਕਸ਼ਾਪ ਵਿੱਚ ਬੋਲ ਰਹੇ ਸਨ। ਉਨ੍ਹਾਂ ਵਿਦਿਆਰਥੀਆਂ ਨੂੰ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਜ਼ਿੰਦਗੀ ਵਿੱਚ ਸਫਲ ਹੋਣ ਲਈ, ਕੋਈ ਨੇੜਲਾ ਰਸਤਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿੱਚ ਟੀਚੇ ਤੋਂ ਬਿਨ੍ਹਾਂ, ਕਦੇ ਵੀ ਕੋਈ ਵਿਦਿਆਰਥੀ ਤਸੱਲੀਬਖਸ਼ ਪ੍ਰਾਪਤੀਆਂ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਵਿਦਿਆਰਥੀ, ਵਿਗਿਆਨੀਆਂ, ਸਮਾਜ ਸ਼ਾਸ਼ਤਰੀਆਂ, ਦੇਸ਼ ਭਗਤਾਂ, ਸਮਾਜ ਦੇ ਮਰਹੂਮ ਇਤਿਹਾਸਕ ਕਿਰਦਾਰਾਂ ਤੋਂ ਅਤੇ ਆਪਣੀ ਦਿਲਚਸਪੀ ਦੇ ਮੌਜੂਦਾ ਕਿਰਦਾਰਾਂ ਤੋਂ ਪ੍ਰੇਰਿਤ ਹੋਣ। ਉਨ੍ਹਾਂ ਕਿਹਾ ਕਿ ਪੜ੍ਹਾਈ ਦੌਰਾਨ ਟਾਈਮ ਟੇਬਲ, ਦੁਆਲੇ ਦਾ ਮਾਹੌਲ, ਸਵੈ-ਪੜਚੋਲ, ਲਚਕੀਲਾਪਣ, ਪੌਸ਼ਟਿਕ-ਭੋਜਨ, ਖੇਡਾਂ, ਕਸਰਤ, ਸੈਮੀਨਾਰਾਂ ਅਤੇ ਵਰਕਸ਼ਾਪਾਂ ਦਾ ਹਿੱਸਾ ਬਣਨ, ਦੇਸ਼/ਵਿਦੇਸ਼ ਦੇ ਚਲੰਤ ਮਾਮਲਿਆਂ ਨਾਲ ਜੁੜੇ ਰਹਿਣ, ਵਿਗਿਆਨ ਦੀਆਂ ਅਧੁਨਿਕ ਖੋਜਾਂ ਨਾਲ ਜੁੜੇ ਰਹਿਣ, ਜਗਿਆਸੂ ਬਣਨ ਆਦਿ ਦੀ ਬੇਹੱਦ ਮਹੱਤਤਾ ਹੈ। ਮੌੜ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਇੰਜਨੀਅਰ ਮੱਖਣ ਲਾਲ ਗਰਗ ਨੇ ਕਿਹਾ ਕਿ ਹਰ ਵਿਦਿਆਰਥੀ ਆਪਣੀ ਦਿਲਚਸਪੀ ਦੇ ਵਿਸ਼ੇ ਦੇ ਕਾਮਯਾਬ ਲੋਕਾਂ ਦੀ ਕਾਮਯਾਬੀ ਦੇ ਭੇਦਾਂ ਨੂੰ ਸਮਝੇ, ਉਨ੍ਹਾਂ ਨੂੰ ਮਿਲੇ ਅਤੇ ਪੜ੍ਹਾਈ ਵਰਿ੍ਹਆਂ ਦੌਰਾਨ, ਉਨ੍ਹਾਂ ਵੱਲੋਂ ਕੀਤੀ ਗਈ ਮਿਹਨਤ ਤੋਂ ਪ੍ਰੇਰਿਤ ਹੋਵੇ। ਉਨ੍ਹਾਂ ਵਿਦਿਆਰਥੀਆਂ ਨੂੰ ਮਨੁੱਖੀ ਜੀਵਨ ਦੀ ਮਹੱਤਤਾ ਦਾ ਅਹਿਸਾਸ ਕਰਾਇਆ ਅਤੇ ਦੱਸਿਆ ਕਿ ਕੁਦਰਤ, ਉੱਦਮੀਆਂ ਨੂੰ ਅੱਗੇ ਵਧਣ ਦਾ ਹਰ ਮੌਕਾ ਦਿੰਦੀ ਹੈ, ਬਸ਼ਰਤੇ ਕਿ ਅਸੀਂ ਆਪਣੇ ਅੰਦਰ ਦੀ ਅਸੀਮ ਸ਼ਕਤੀ ਨੂੰ ਪਹਿਚਾਣੀਏ। ਇਸ ਵਰਕਸ਼ਾਪ ਵਿੱਚ, ਵਿਗਿਆਨ ਦੇ +1 ਵਿੱਚ ਪੜ੍ਹਦੇ ਵਿਦਿਆਰਥੀ ਸਾਤਵਿੱਕ ਗਰਗ ਨੇ ਵਿਦਿਆਰਥੀਆਂ ਨੂੰ ਸਟੈੱਮ, ਰੋਬੋਟਿਕਸ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਦੱਸਿਆ ਅਤੇ ਪ੍ਰਯੋਗੀ ਜਾਣਕਾਰੀ ਦਿੱਤੀ। ਵਿਸ਼ਾ ਮਾਹਿਰਾਂ ਨੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਵਰਕਸ਼ਾਪ ਨੂੰ ਸੰਸਥਾਵਾਂ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ, ਪ੍ਰਿੰਸੀਪਲ ਅਮਨਦੀਪ ਕੌਰ ਨੇ ਵੀ ਸੰਬੋਧਨ ਕੀਤਾ। ਇਸ ਸਮੇਂ ਪ੍ਰਿੰਸੀਪਲ ਨਵਪ੍ਰੀਤ ਕੌਰ, ਗਗਨਦੀਪ ਕੌਰ, ਸਰਬਜੀਤ ਸਿੰਘ, ਇੰਦਰਵੀਰ ਸਿੰਘ, ਦਲਜੀਤ ਕੌਰ ਆਦਿ ਸਟਾਫ ਮੈਂਬਰ ਹਾਜ਼ਰ ਸਨ।

ਪਿੰਡ ਬਸੀ ਗੁੱਜਰਾਂ ਦੀਆਂ ਕੰਗ ਯਾਦਗਾਰੀ ਸਿੱਖਿਆ ਸੰਸਥਾਵਾਂ ਵਿਖੇ ਸਿੱਖਿਆ ਵਰਕਸ਼ਾਪ ਦੇ ਵਿਸ਼ਾ ਮਾਹਿਰਾਂ ਨੂੰ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼