Go Back
16
Nov
2023

Career Workshop conducted by Makhan Lal Garg

Type : Acitivity

ਵਿਸ਼ਾ ਮਾਹਿਰ ਨੇ ‘ਪੜ੍ਹਾਈ ਵਿੱਚ ਕਿੱਤਾ ਚੁਣਨ ਦੀ ਮਹੱਤਤਾ’ ਬਾਰੇ ਜਾਣਕਾਰੀ ਦਿੱਤੀ

ਵਿਦਿਆਰਥੀ ਉਮਰ ਵਿੱਚ ਕੀਤੇ ਸੰਕਲਪ, ਸਫਲਤਾ ਦੇ ਜਾਮਨ ਹੁੰਦੇ ਹਨ - ਇੰਜ: ਗਰਗ

‘‘ਪੜ੍ਹਾਈ ਵਰਿ੍ਹਆਂ ਦੌਰਾਨ, ਪੜ੍ਹ/ਲਿਖ ਕੇ ਆਪਣੇ ਨਾਲ ਪ੍ਰਭਾਵੀ-ਵਿਸ਼ੇਸ਼ਣ ਲਾਉਣ ਲਈ, ਟੀਚਾ ਮਿੱਥਣਾ ਬੇਹੱਦ ਜ਼ਰੂਰੀ ਹੈ। ਮਿੱਥਿਆ ਗਿਆ ਟੀਚਾ ਅਤੇ ਇਸਦੀ ਪ੍ਰਾਪਤੀ ਲਈ ਕੀਤੀ ਗਈ ਸਖਤ ਮਿਹਨਤ, ਵਿਅਕਤੀ-ਵਿਸ਼ੇਸ਼ ਦੇ ਜੀਵਨ ਦਾ ਖੇੜਾ ਬਣਦੀ ਹੈ।’’ ਇਹ ਵਿਚਾਰ ਜ਼ਿਲਾ ਬਠਿੰਡਾ ਨਾਲ ਸਬੰਧਤ ‘ਮੌੜ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ’ ਦੇ ਸਰਪ੍ਰਸਤ, ਕਰੀਅਰ ਮਾਹਿਰ ਅਤੇ ਸੇਵਾ-ਮੁਕਤ ਚੀਫ ਇੰਜਨੀਅਰ ਮੱਖਣ ਲਾਲ ਗਰਗ ਨੇ ਪ੍ਰਗਟ ਕੀਤੇ। ਉਹ ਕੰਗ ਯਾਦਗਾਰੀ ਸਿੱਖਿਆ-ਸੰਸਥਾ ਅਤੇ ਡਰੀਮਲੈਂਡ ਪਬਲਿਕ ਸਕੂਲ ਦੇ ਸੀਨੀਅਰ ਵਿਦਿਆਰਥੀਆਂ ਨੂੰ ‘ਪੜ੍ਹਾਈ ਵਿੱਚ ਕਿੱਤਾ ਚੁਣਨ ਦੀ ਮਹੱਤਤਾ’ ਵਿਸ਼ੇ ’ਤੇ ਬੋਲ ਰਹੇ ਸਨ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ, ਕਿ ਹਰ ਵਿਦਿਆਰਥੀ ਨੂੰ ਲਾਈਲੱਗ ਨਾ ਹੋ ਕੇ, ਆਪਣੀ ਦਿਲਚਸਪੀ ਦਾ ਟੀਚਾ ਮਿਥਣਾ ਚਾਹੀਦਾ ਹੈ ਅਤੇ ਆਪਣੀਆਂ ਕਮਜ਼ੋਰੀਆਂ/ਸਿਫਤਾਂ ਦਾ, ਆਪਣੀ ਇਕਾਗਰਤਾ ਦਾ ਅਤੇ ਆਪਣੀ ਮਿਹਨਤ ਦਾ ਅਹਿਸਾਸ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਮੈਟ੍ਰਿਕ ਕਰ ਰਹੇ ਵਿਦਿਆਰਥੀਆਂ ਨੂੰ, ਆਪਣੇ-ਆਪ ’ਤੇ ਪੈਮਾਨਾਂ ਲਾ ਕੇ ਨਾਨ-ਮੈਡੀਕਲ, ਮੈਡੀਕਲ, ਕਾਮਰਸ ਅਤੇ ਆਰਟਸ ਵਿਸ਼ਿਆਂ ਵਿੱਚੋਂ ਕੋਈ ਇੱਕ ਚੁਣਨਾਂ ਹੁੰਦਾ ਹੈ। ਨਾਨ-ਮੈਡੀਕਲ ਵਾਲੇ ਵਿਦਿਆਰਥੀ +2 ਉਪਰੰਤ ਇੰਜਨੀਅਰਿੰਗ ਦੀਆਂ ਐਰੋਸਪੇਸ, ਐਗਰੀਕਲਚਰ ਅਤੇ ਫੂਡ ਇੰਜਨੀਅਰਿੰਗ, ਪੁਲਾੜ ਵਿਗਿਆਨ, ਆਟੋਮੁਬਾਈਲ, ਕੈਮੀਕਲ, ਕੰਪਿਊਟਰ, ਇਲੈਕਟੀਕਲ, ਖਣਿਜ, ਨਿਊਕਲੀਅਰ, ਪਲਾਸਟਿਕ, ਰੋਬੋਟਿਕਸ, ਆਰਕੀਟੈਕਚਰ ਆਦਿ ਦੀਆਂ ਡਿਗਰੀਆਂ ਕਰ ਸਕਦੇ ਹਨ, ਪਾਇਲਟ ਬਣ ਸਕਦੇ ਹਨ। ਮੈਡੀਕਲ ਕਰਨ ਵਾਲੇ ਡਾਕਟਰ, ਦੰਦ ਚਕਿਤਸਕ, ਖੇਤੀਬਾੜੀ, ਪਸ਼ੂ ਵਿਗਿਆਨ, ਆਯੂਰਵੈਦਿਕ, ਯੂਨਾਨੀ ਮੈਡੀਸਨ, ਹੋਮਿਓਪੈਥੀ, ਨਰਸਿੰਗ ਆਦਿ ਖੇਤਰ ਚੁਣ ਸਕਦੇ ਹਨ। ਕਾਮਰਸ ਪੜ੍ਹਨ ਵਾਲੇ ਚਾਰਟਡ ਅਕਾਂਊਟੈਂਟ ਬਣ ਸਕਦੇ ਹਨ, ਬਿਜਨਸ ਮੈਨੇਜਮੈਂਟ ਦੀ ਡਿਗਰੀ ਕਰ ਸਕਦੇ ਹਨ। ਕਿਸੇ ਵੀ ਵਿਸ਼ੇ ਵਿੱਚ +2 ਕਰਨ ਵਾਲੇ ਡਿਜਾਈਨ ਐਂਡ ਫਾਈਨ ਆਰਟਸ, ਨੈਸ਼ਨਲ ਡਿਫੈਂਸ ਅਕਾਦਮੀਂ, ਹੋਟਲ ਮੈਨੇਜਮੈਂਟ, ਕਾਨੂੰਨ ਦੀ ਸਿੱਖਿਆ ਆਦਿ ਡਿਗਰੀਆਂ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਵੱਖ ਵੱਖ ਕਿਸਮ ਦੀਆਂ ਪ੍ਰਵੇਸ਼ ਪ੍ਰੀਖਿਆਵਾਂ ਬਾਰੇ ਵੀ ਦੱਸਿਆ। ਕਰੀਅਰ ਸਬੰਧੀ ਵਕਾਰੀ ਸੰਸਥਾਵਾਂ ਬਾਰੇ ਦੱਸਦਿਆਂ, ਉਨ੍ਹਾਂ ਇਹ ਗੱਲ ਜ਼ੋਰ ਨਾਲ ਕਹੀ ਕਿ ਵਿਦਿਆਰਥੀ ਉਮਰਾਂ ਵਿੱਚ, ਵਕਾਰੀ ਸਿੱਖਿਆ ਹਾਸਲ ਕਰਨ ਲਈ ਕੀਤਾ ਸੰਕਲਪ, ਸਫਲਤਾ ਦੀ ਜਾਮਨੀ ਬਣਦਾ ਹੈ, ਜਦੋਂ ਕਿ ਇਸ ਉਮਰ ਵਿੱਚ ਗੁਆਇਆ ਸਮਾਂ, ਸਮੁੱਚੀ ਜ਼ਿੰਦਗੀ ਵਿੱਚ ਖੁਆਰੀਆਂ ਦੇ ਲੇਖ ਲਿਖ ਦਿੰਦਾ ਹੈ। ਇਸ ਮੌਕੇ ’ਤੇ ਉਨ੍ਹਾਂ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਸੰਸਥਾਵਾਂ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ, ਪਿ੍ਰੰਸੀਪਲਾਂ ਅਮਨਦੀਪ ਕੌਰ, ਨਵਪ੍ਰੀਤ ਕੌਰ ਅਤੇ ਸਰੀਰਕ-ਸਿੱਖਿਆ ਅਧਿਆਪਕ ਵੀਰਇੰਦਰ ਸਿੰਘ ਨੇ ਸੰਬੋਧਨ ਕੀਤਾ।

ਕੰਗ ਯਾਦਗਾਰੀ ਸਿੱਖਿਆ ਸੰਸਥਾਵਾਂ ਪਿੰਡ ਬਸੀ ਗੁੱਜਰਾਂ ਵਿਖੇ ‘ਪੜ੍ਹਾਈ ਵਿੱਚ ਕਿੱਤਾ ਚੁਣਨ ਦੀ ਮਹੱਤਤਾ’ ਵਿਸ਼ੇ ’ਤੇ ਸੰਬੋਧਨ ਕਰਦੇ ਹੋਏ ਇੰਜ: ਮੱਖਣ ਲਾਲ ਗਰਗ