Go Back
16
Nov
2023

Kang Memorial Educational Institutions Annual Meeting

Type : Acitivity

ਯਾਦਗਾਰੀ ਰਿਹਾ ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਦਾ ਸਾਲਾਨਾ-ਸਮਾਗਮ

ਵਿਦਿਆਰਥੀ ਆਪਣੇ ਆਦਰਸ਼ ਮਿਥਣ ਅਤੇ ਆਗਿਆਕਾਰੀ ਰਹਿਣ – ਪ੍ਰੋ: ਗੁਰਭਜਨ ਗਿੱਲ

"ਸਿੱਖਿਆ-ਸੰਸਥਾਵਾਂ ਦੇ ਵਿਦਿਆਰਥੀ, ਇਸ ਕਾਇਨਾਤ ਵਿੱਚ ਜਿਊਂਦੇ ਫੁੱਲ ਹੁੰਦੇ ਹਨ, ਜਿਨ੍ਹਾਂ ਦੇ ਚਿਹਰਿਆਂ ਦਾ ਨੂਰ ਇਸ ਗੱਲ ਦੀ ਗਵਾਹੀ ਹੁੰਦਾ ਹੈ, ਕਿ ਉਹ ਸੁਰੱਖਿਅਤ ਹੱਥਾਂ ਵਿੱਚ ਹਨ, ਉਨ੍ਹਾਂ ਦੇ ਸੁਪਨੇ ਹਨ ਅਤੇ ਉਹ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਦੇ ਆਹਰ ਵਿੱਚ ਲੱਗੇ ਹੋਏ ਹਨ।" ਇਹ ਵਿਚਾਰ ਉੱਘੇ ਸਾਹਿਤਕਾਰ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਪ੍ਰਗਟ ਕੀਤੇ। ਉਹ ਨਜ਼ਦੀਕੀ ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਦੇ ਸਾਲਾਨਾਂ ਇਨਾਮ-ਵੰਡ ਸਮਾਗਮ ਵਿੱਚ ਪਹੁੰਚੇ ਹੋਏ ਸਨ। ਉਨ੍ਹਾਂ ਵਿਦਿਆਰਥੀਆਂ ਨੂੰ ਖਿੰਡਾਵਾਂ ਦੀ ਸੁਨਾਮੀਂ ਤੋਂ ਬਚਣ ਲਈ ਅਤੇ ਵੱਡਿਆਂ ਦੇ ਆਗਿਆਕਾਰ ਰਹਿਣ ਲਈ ਪ੍ਰੇਰਿਆ। ਸਮਾਗਮ ਦੀ ਸ਼ੁਰੂਆਤ ਮਨਜੀਤ ਸਿੰਘ ਕੰਗ ਅਤੇ ਜਤਿੰਦਰਜੀਤ ਸਿੰਘ ਕੰਗ ਨੇ ਕਰਵਾਈ। ਚੱਲਦੇ ਸਮਾਗਮ ਦੌਰਾਨ, ਪ੍ਰਸਿੱਧ ਨਿਰਦੇਸ਼ਕ ਜਸਵੀਰ ਗਿੱਲ ਦੀ ਅਗਵਾਈ ਵਿੱਚ ਵਿਦਿਅਰਥੀਆਂ ਨੇ ਗਿੱਧਾ, ਭੰਗੜਾ, ਕੋਰਿਓਗ੍ਰਾਫੀਆਂ, ਨਾਟਕ, ਕਵੀਸ਼ਰੀ, ਫੈਂਸੀ ਡਾਨਸ, ਗਰੁੱਪ ਡਾਨਸ, ਫੈਂਸੀ ਡਰੈੱਸ, ਵੱਖ ਵੱਖ ਰਾਜਾਂ ਦੇ ਨ੍ਰਿਤ ਆਦਿ ਵੰਨਗੀਆਂ ਪੇਸ਼ ਕੀਤੀਆਂ। ਦਿਲ ਹੈ ਹਿੰਦੋਸਤਾਨੀ, ਓਮ ਸਾਈਂ ਰਾਮ, ਧੀ ਦੀ ਪੁਕਾਰ, ਉੱਠ ਨੀ ਕੁੜੀਏ ਆਦਿ ਸਮੂਹ ਗੀਤਾਂ ’ਤੇ ਕੀਤੀਆਂ ਗਈਆਂ ਕੋਰਿਓਗ੍ਰਾਫੀਆਂ ਨੂੰ ਭਰਵੀਂ ਦਾਦ ਮਿਲੀ। ਇਸ ਸਮੇਂ ਸਮਾਗਮ ਦੀ ਪ੍ਰਧਾਨਗੀ ਕਰ ਰਹੀ, ਅਮਰੀਕਾ ਵਾਸੀ ਸੀਨੀਅਰ ਨਰਸ ਸ਼੍ਰੀਮਤੀ ਜਸਵੀਰ ਕੌਰ ਰਾਏ ਨੇ ਵਿਦਿਆਰਥੀਆਂ ਨੂੰ ਆਪੋ-ਆਪਣੀ ਸਿਹਤ ’ਤੇ ਪਹਿਰੇਦਾਰੀ ਕਰਨ ਦੇ ਨੁਕਤੇ ਦੱਸੇ। ਉਨ੍ਹਾਂ ਸੰਸਥਾ ਦੇ ਮਿਸ਼ਨਰੀ ਖਾਸੇ ਦੀ ਅਤੇ ਲੋੜਵੰਦ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਮੁਫਤ ਸਿੱਖਿਆ ਦੀ ਸਰਾਹਨਾ ਕੀਤੀ। ਸੰਸਥਾ ਦੀਆਂ ਪ੍ਰਿੰਸੀਪਲਾਂ ਅਮਨਦੀਪ ਕੌਰ ਅਤੇ ਨਵਪ੍ਰੀਤ ਕੌਰ ਨੇ ਪ੍ਰਗਤੀ ਰਿਪੋਰਟਾਂ ਪੜ੍ਹੀਆਂ ਅਤੇ ਭਵਿੱਖ ਦੇ ਵਧਦੇ ਕਦਮਾਂ ਦੀ ਵਿਆਖਿਆ ਕੀਤੀ। ਸਮਾਗਮ ਦੌਰਾਨ ਬੀਤੇ ਸ਼ੈਸ਼ਨ ਦੇ ਪਹਿਲੀਆਂ ਪੁਜੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਟਰਾਫੀਆਂ ਤੋਂ ਇਲਾਵਾ ਲੱਗਭੱਗ 1 ਲੱਖ ਰੁਪਏ ਦੇ ਨਕਦ ਇਨਾਮ ਦਿੱਤੇ ਗਏ। ਸੰਸਥਾ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਹੋਰਾਂ ਨੇ ਇਨ੍ਹਾਂ ਮਿਸ਼ਨਰੀ ਸੰਸਥਾਵਾਂ ਦੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਅਗਲੇ ਸ਼ੈਸ਼ਨ ਤੋਂ ਪ੍ਰਬੰਧਕੀ ਕਮੇੇਟੀ, ਇਸ ਸੰਸਥਾ ਵਿੱਚ ਹੀ ਇਲਾਕੇ ਦੇ ਵਿਸ਼ੇਸ਼-ਪ੍ਰਤਿਭਾ ਵਾਲੇ ਵਿਦਿਆਰਥੀਆਂ ਲਈ ਵਿਸ਼ੇਸ਼ ਸਕੂਲ ਦੀ ਸ਼ੁਰੂਆਤ ਕਰੇਗੀ, ਇਲਾਕੇ ਦੇ ਅਨਪੜ੍ਹ ਬਾਲਗਾਂ ਸਿੱਖਿਆ ਦਿੱਤੀ ਜਾਵੇਗੀ ਅਤੇ ਸੰਸਥਾ ਵਿੱਚ ਹੀ, ਇਲਾਕੇ ਦੇ ਲੋਕਾਂ ਲਈ, ਸਰਕਾਰੀ ਤਰਜ਼ ’ਤੇ ਸੁਵਿਧਾ ਕੇਂਦਰ ਖੋਲ੍ਹਿਆ ਜਾਵੇਗਾ। ਇਸ ਮੌਕੇ ’ਤੇ ਪ੍ਰੋ: ਮੋਹਣ ਸਿੰਘ ਮੈਮੋਰੀਅਲ ਫਾਊਂਡੇਸ਼ਨ ਲੁਧਿਆਣਾ ਦੇ ਚੇਅਰਮੈਨ ਗੁਰਨਾਮ ਸਿੰਘ, ਚੇਅਰਮੈਨ ਦਿਲਬਾਗ ਸਿੰਘ ਭੱਟੀ, ਸਰਪੰਚ ਜਗਜਿੰਦਰ ਸਿੰਘ, ਕੰਵਰਵੀਰ ਟਰਸਟ ਦੀ ਸਰਪ੍ਰਸਤ ਸਵਰਨਜੀਤ ਕੌਰ ਢਿੱਲੋਂ, ਚੌਧਰੀ ਤੀਰਥ ਰਾਮ, ਪ੍ਰੇਮ ਸਿੰਘ ਚੱਕ ਲੋਹਟ, ਸਟਾਫ ਅਤੇ ਵਿਦਿਆਰਥੀਆਂ ਦੇ ਮਾਪੇ ਮੌਜੂਦ ਸਨ।

ਪਿੰਡ ਬਸੀ ਗੁੱਜਰਾਂ ਵਿਖੇ ਕੰਗ ਯਾਦਗਾਰੀ ਸਿੱਖਿਆ ਸੰਸਥਾਵਾਂ ਦੇ ਸਾਲਾਨਾ ਇਨਾਮ ਵੰਡ ਸਮਾਗਮ ਦੌਰਾਨ ਨ੍ਰਿਤ ਪੇਸ਼ ਕਰਦੀਆਂ ਵਿਦਿਆਰਥਣਾ