Go Back
16
Nov
2023

Face to face with Jasveer Kaur, a writer living in America

Type : Acitivity

ਅਮਰੀਕਾ ਵਸਦੀ ਸਾਹਿਤਕਾਰ ਜਸਵੀਰ ਕੌਰ ਨਾਲ ਰੂਬਰੂ

ਸਿਖਤ-ਮਿਹਨਤ ਵਿਦਿਆਰਥੀਆਂ ਨੂੰ ਹਸਤੀਆਂ ਬਣਨ ਦਾ ਵਰਦਾਨ ਦਿੰਦੀ ਹੈ - ਜਸਵੀਰ ਕੋਰ

"ਹਰ ਵਿਦਿਆਰਥੀ ਲਈ ਸਿੱਖਿਆ ਵਰਿ੍ਹਆਂ ਦੌਰਾਨ ਮਿਥਿਆ ਟੀਚਾ ਅਤੇ ਆਪਣੇ-ਆਪ ਨੂੰ ਸਮੇਂ ਦੇ ਅਧੀਨ ਕਰਕੇ ਕੀਤੀ ਸਾਧਨਾ, ਸਬੰਧਤ ਵਿਦਿਆਰਥੀ ਨੂੰ ਹਸਤੀ ਬਣਨ ਦਾ ਵਰਦਾਨ ਦਿੰਦੀ ਹੈ।" ਇਹ ਸ਼ਬਦ ਅਮਰੀਕਾ ਰਹਿ ਰਹੀ ਪੰਜਾਬੀ ਮੂਲ ਦੀ ਲੇਖਿਕਾ ਸ਼੍ਰੀਮਤੀ ਜਸਵੀਰ ਕੌਰ ਨੇ ਪ੍ਰਗਟ ਕੀਤੇ। ਉਹ ਪਿੰਡ ਬਸੀ ਗੁੱਜਰਾਂ ਵਿਖੇ ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੂੰ, ਰੂਬਰੂ ਸਮਾਗਮ ਦੌਰਾਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਵਿਦਿਆਰਥੀਆਂ ਨੂੰ ਅਹਿਸਾਸ ਕਰਾਇਆ ਕਿ ਉਹ ਆਪਣੇ-ਆਪ ਨੂੰ, ਗਿਆਨ ਦੇ ਭਿਖਾਰੀ ਸਮਝਣ, ਨਿਮਰਤਾ ਦਾ ਪੱਲ਼ਾ ਕਦੇ ਨਾ ਛੱਡਣ, ਪਰਿਵਾਰਕ ਸਹਿਯੋਗੀ ਬਣਨ, ਸਿਹਤਮੰਦ ਰਿਸ਼ਤੇ ਉਸਾਰਨ, ਆਪਣੇ ਆਦਰਸ਼ ਮਿਥਣ ਅਤੇ ਵੱਡਿਆਂ ਦੇ ਆਗਿਆਕਾਰੀ ਰਹਿਣ। ਇਸ ਮੌਕੇ ’ਤੇ ਉਨ੍ਹਾਂ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਅਤੇ ਆਪਣੀ ਮੁਹਾਰਤ ਦੇ ਖੇਤਰ, ਮਨੁੱਖੀ ਸਰੀਰ ਨੂੰ ਭਿਆਨਕ ਬਿਮਾਰੀਆਂ ਤੋਂ ਰੋਗ-ਰਹਿਤ ਕਰਨ ਲਈ ਸਟੈੱਮ-ਸੈਲਾਂ (ਬੇਬੀ-ਸੈੱਲਾਂ) ਬਾਰੇ ਜਾਣਕਾਰੀ ਦਿੱਤੀ ਅਤੇ ਸਿਹਤਮੰਦ ਰਹਿਣ ਲਈ, ਸਿਹਤਮੰਦ-ਜੀਵਨਸ਼ੈਲੀ ਅਪਨਾਉਣ ਲਈ ਪ੍ਰੇਰਿਆ। ਸੰਸਥਾਵਾਂ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਹੋਰਾਂ ਨੇ, ਆਈ ਮਹਿਮਾਨ ਦੇ ਸਮਾਜਿਕ ਖਾਸੇ ਦਾ ਵਰਨਣ ਕਰਦਿਆਂ ਦੱਸਿਆ ਕਿ ਸਾਨੂੰ ਹਮੇਸ਼ਾਂ ਅਨੁਭਵੀ ਲੋਕਾਂ ਤੋਂ ਸਿੱਖਣਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਹਿਸਾਸ ਕਰਾਇਆ ਕਿ ਇਸ ਬ੍ਰਿਹਮੰਡ ਵਿੱਚ ਮਨੁੱਖ ਦੀ ਹੋਂਦ, ਧੂਲ ਦਾ ਇੱਕ ਕਿਣਕਾ ਮਾਤਰ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਧਰਤੀ ’ਤੇ ਇਹ ਕਿਣਕਾ ਮਾਤਰ ਮਨੁੱਖ ਜਦੋਂ ਕਿਸੇ ਮਾਨਵੀ ਮਨੋਰਥ ਨੂੰ ਮੁੱਖ ਰੱਖ ਕੇ ਸਾਧਨਾਂ ਕਰਦਾ ਹੈ, ਤਾਂ ਉਹ ਆਪਣੇ-ਆਪ ਨੂੰ ਪਰਬਤੋਂ ਭਾਰੀ ਹਸਤੀ ਤੱਕ ਦਾ ਮਾਣ ਦੇ ਲੈਂਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਮੁਬਾਈਲ, ਬੇਲੋੜੀਆਂ ਗੱਲਾਂ ਆਦਿ ਜਿਹੇ ਖਿਡਾਵਾਂ ਤੋਂ ਬਚਣ ਲਈ ਪ੍ਰੇਰਿਆ। ਸੰਸਥਾ ਦੀ ਪ੍ਰਿੰਸੀਪਲ ਅਮਨਦੀਪ ਕੌਰ ਅਤੇ ਸਰੀਰਕ-ਸਿੱਖਿਆ ਅਧਿਆਪਕ ਵੀਰਇੰਦਰ ਸਿੰਘ ਨੇ ਸਿੱਖਿਆ ਦੇ ਨਾਲ ਨਾਲ ਅਜਿਹੀਆਂ ਇਕੱਤਰਤਾਵਾਂ ਦੀ ਮਹੱਤਤਾ ਦੀ ਮਹੱਤਤਾ ਦੱਸਦਿਆਂ ਵਿਦਿਆਰਥੀਆਂ ਨੂੰ, ਸੰਸਥਾ ਵਿੱਚ ਪਹੁੰਚਦੇ ਅਨੁਭਵੀ ਵਕਤਾਵਾਂ ਤੋਂ ਵੱਧ ਤੋਂ ਵੱਧ ਸਿੱਖਣ ਲਈ ਪ੍ਰੇਰਿਆ। ਸਵਾਲ ਕਰਨ ਵਾਲੇ ਵਿਦਿਆਰਥੀਆਂ ਵਿੱਚ ਮਹਿਕਪ੍ਰੀਤ ਕੌਰ, ਸੁਖਮਨਜੋਤ ਕੌਰ, ਨਵਨੀਤ ਕੌਰ, ਕੰਵਲਪ੍ਰੀਤ ਕੌਰ, ਜੈਸਮੀਨ ਕੌਰ, ਅਗਮਪ੍ਰੀਤ ਕੌਰ ਅਤੇ ਮੈਡਮ ਮਨਪ੍ਰੀਤ ਕੌਰ ਆਦਿ ਸ਼ਾਮਲ ਸਨ। ਇਸ ਮੌਕੇ ’ਤੇ ਪ੍ਰਿੰਸੀਪਲ ਨਵਪ੍ਰੀਤ ਕੌਰ, ਪ੍ਰਾਇਮਰੀ ਵਿੰਗ ਦੀ ਇੰਚਾਰਜ ਸ੍ਰੀਮਤੀ ਬੇਅੰਤ ਕੌਰ, ਨਰਿੰਦਰ ਕੌਰ, ਵਰਿੰਦਰ ਕੌਰ, ਦਲਜੀਤ ਕੌਰ, ਨਰਿੰਦਰ ਸਿੰਘ, ਹਰਦੀਪ ਕੌਰ, ਪਰਨੀਤ ਕੌਰ, ਬਲਵਿੰਦਰ ਸਿੰਘ, ਸਮਨਦੀਪ ਕੌਰ, ਗਗਨਦੀਪ ਕੌਰ ਆਦਿ ਸ਼ਾਮਲ ਸਨ।

ਕੰਗ ਯਾਦਗਾਰੀ ਸਿੱਖਿਆ ਸੰਸਥਾਵਾਂ ਪਿੰਡ ਬਸੀ ਗੁੱਜਰਾਂ ਵਿਖੇ ਰੂਬਰੂ ਸਮਾਗਮ ਨੂੰ ਸੰਬੋਧਨ ਕਰਦੇ ਹੋਈ, ਅਮਰੀਕਾ ਵਾਸੀ ਸਾਹਿਤਕਾਰ ਸ਼੍ਰੀਮਤੀ ਜਸਵੀਰ ਕੌਰ