News & Events
Nov
2025
Sep
2025
Sep
2025
Aug
2025
Aug
2025
Jul
2025
Jun
2025
Honoring Dr. Mandeep Gaur, a source of inspiration in the world of education
Type : Acitivity
ਸਿੱਖਿਆ-ਜਗਤ ਦੇ ਪ੍ਰੇਰਨਾ-ਸਰੋਤ ਡਾ: ਮਨਦੀਪ ਗੌੜ ਦਾ ਸਨਮਾਨ
ਕੰਗ ਯਾਦਗਾਰੀ ਸਿੱਖਿਆ ਸੰਸਥਾਵਾਂ ਪਿੰਡ ਬਸੀ ਗੁੱਜਰਾਂ ਵਿਖੇ ਡਾ: ਮਨਦੀਪ ਗੌੜ ਦੇ ਸਨਮਾਨ ਸਮੇਂ ਦਾ ਦ੍ਰਿਸ਼
‘‘ਸਫਲ ਹੋਣ ਲਈ ਨੇੜਲਾ ਰਸਤਾ ਕੋਈ ਨਹੀਂ, ਸਫ਼ਲ ਹੋਣ ਲਈ ਨਿਸ਼ਾਨਾ ਮਿਥ ਕੇ
ਸਾਧਨਾ ਕਰਨੀ ਹੋਵੇਗੀ ਅਤੇ ਹਰੇਕ ਵਿਦਿਆਰਥੀ ਨੂੰ ਆਪਣੀ ਸਫ਼ਲਤਾ ਦੀ ਪ੍ਰੀਭਾਸ਼ਾ
ਵੀ ਖ਼ੁਦ ਹੀ ਤੈਅ ਕਰਨੀ ਹੋਵੇਗੀ’’ ਇਹ ਵਿਚਾਰ ਪੰਜਾਬੀ ਯੂਨੀਵਰਸਿਟੀ ਦੇ
ਵਿਸਥਾਰ-ਕੈਂਪਸ, ਰਾਮਪੁਰਾ ਫੂਲ ਦੇ ਅਧਿਆਪਕ ਅਤੇ ਪੁਸਤਕ ‘ਪ੍ਰੋਫੈਸਰ ਕੈਦੀ’ ਦੇ
ਨਾਇਕ ਡਾ: ਮਨਦੀਪ ਗੌੜ ਨੇ ਪ੍ਰਗਟ ਕੀਤੇ। ਉਹ ਕੰਗ ਯਾਦਗਾਰੀ ਸਿੱਖਿਆ ਸੰਸਥਾਵਾਂ
ਵਿਖੇ, ਸਨਮਾਨਿਤ ਹੋਣ ਸਮੇਂ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸਨ। ਵਰਨਣਯੋਗ ਹੈ ਕਿ
ਇੱਕ ਕਤਲ ਕੇਸ ਵਿੱਚ ਹੋਈ ਕੈਦ ਉਪਰੰਤ ਮਨਦੀਪ ਗੌੜ ਨੇ 11 ਸਾਲ ਪਟਿਆਲਾ ਦੀ
ਕੇਂਦਰੀ ਜੇਲ ਵਿੱਚ ਗੁਜਾਰੇ ਸਨ। ਜੇਲ ਵਿੱਚ ਜਾਣ ਸਮੇਂ ਉਹ ਕੇਵਲ +2 ਪਾਸ ਸੀ ਅਤੇ
ਬਾਹਰ ਨਿੱਕਲਣ ਸਮੇਂ, ਡਾਕਟ੍ਰੇਟ ਡਿਗਰੀ ਕਰਕੇ ‘ਡਾ: ਮਨਦੀਪ’ ਬਣ ਚੁਕਿਆ ਸੀ। ਉਨ੍ਹਾਂ
ਜੇਲ ਸਮੇਂ ਦੌਰਾਨ ਮਿਲੀ ਪੜ੍ਹਨ ਦੀ ਪ੍ਰੇਰਨਾ, ਮਿਲੇ ਪੰਧ ਅਤੇ ਇੱਕ ਕੈਦੀ ਵਜੋਂ
ਆਪਣੀਆਂ ਡਿਊਟੀਆਂ ਨਿਭਾਉਂਦਿਆਂ, ਕਾਫ਼ੀ ਸਾਰਾ ਸਾਹਿਤ ਪੜ੍ਹਨ ਅਤੇ ਇਕਾਗਰਮਨ
ਹੋ ਕੇ ਰਸਮੀਂ-ਸਿੱਖਿਆ ਹਾਸਲ ਕਰਨ ਦਾ ਵਿਸਥਾਰ ਦੱਸਿਆ। ਉਨ੍ਹਾਂ ਆਪਣੇ ਪ੍ਰਭਾਵੀ-
ਭਾਸ਼ਣ ਵਿੱਚ ਵਿਦਿਆਰਥੀਆਂ ਨੂੰ ਪ੍ਰੇਰਿਆ, ਕਿ ਉਹ ਆਪਣੇ ਸ਼ੁਭਚਿੰਤਕਾਂ ਦੇ ਕਦਰਦਾਨ
ਅਤੇ ਮਾਰਗ-ਦਰਸ਼ਕਾਂ ਦੇ ਆਗਿਆਕਾਰ ਬਣੇ ਰਹਿਣ, ਭਵਿੱਖ ਦੇ ਸ਼ਾਹ-ਸਵਾਰ ਬਣਨ ਦਾ ਸੰਕਲਪ
ਲੈਣ, ਬੁਰੀ ਸੰਗਤ ਤੋਂ ਬਚਣ, ਆਪਣੀ ਸਿਹਤ ਦੀ ਪਹਿਰੇਦਾਰੀ ਕਰਨ, ਸ਼ੋਸ਼ਲ-ਮੀਡੀਆ ਤੋਂ
ਕਿਨਾਰਾ ਕਰਨ, ਆਪਣੇ-ਆਪ ਪ੍ਰਤੀ ਸੱਚੇ ਰਹਿਣ, ਖ਼ੁਦ ਸਧਾਰਨ ਜੀਵਨ-ਸ਼ੈਲੀ ਅਪਣਾਉਂਦੇ
ਹੋਏ, ਵਿਸ਼ਵ-ਨਜ਼ਰੀਆ ਬਣਾਉਣ। ਇਸ ਸਮੇਂ ਉਨ੍ਹਾਂ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਦੇ
ਸਵਾਲਾਂ ਦਾ ਵੀ ਵਿਸਥਾਰ ਨਾਲ ਜਵਾਬ ਦਿੱਤੇ। ਇਸ ਸਮੇਂ ਸੰਸਥਾਵਾਂ ਦੇ ਨਿਰਦੇਸ਼ਕ ਸਵਰਨ
ਸਿੰਘ ਭੰਗੂ ਹੋਰਾਂ ਨੇ ਦੱਸਿਆ, ਕਿ ਜਦੋਂ ਉਨ੍ਹਾਂ ਨੇ, ਮਨਦੀਪ ਹੋਰਾਂ ਦੀ ਸਵੈ-ਜੀਵਨੀ
’ਤੇ ਅਧਾਰਤ ਪੁਸਤਕ ਪੜ੍ਹੀ ਸੀ, ਉਸ ਉਪਰੰਤ ਹੀ, ਸਮੇਂ ਦੀ ਸਲੇਟ ’ਤੇ, ਅੱਜ ਦਾ ਦਿਨ
ਉੱਕਰਿਆ ਗਿਆ ਸੀ। ਉਨ੍ਹਾਂ ਔਖੀਆਂ ਹਾਲਤਾਂ ਵਿੱਚ ਵੀ ਪੜ੍ਹ/ਲਿਖ ਕੇ ਪ੍ਰਵਾਨ ਚੜ੍ਹਨ
ਵਾਲਿਆਂ ਦੀਆਂ ਮਿਸਾਲਾਂ ਦਿੱਤੀਆਂ ਅਤੇ ਮਨਦੀਪ ਗੌੜ ਦੇ ਹਵਾਲੇ ਨਾਲ, ‘ਕੈਦੀ ਨੂੰ
ਕਿਰਦਾਰ’ ਵਜੋਂ ਤਬਦੀਲ ਕਰ ਦੇਣ ਵਾਲੀ, ਸਿੱਖਿਆ ਵਿੱਚਲੀ ਸ਼ਕਤੀ ਦਾ ਵਰਨਣ
ਕੀਤਾ। ਇਸ ਮੌਕੇ ’ਤੇ ਪੰਜਾਬੀ ਫਿਲਮਾਂ ਦੀ ਪ੍ਰਭਾਵੀ ਕਿਰਦਾਰ ਅਤੇ ਪ੍ਰਬੰਧਕੀ ਕਮੇਟੀ
ਮੈਂਬਰ ਸ੍ਰੀਮਤੀ ਗੁਰਪ੍ਰੀਤ ਕੌਰ ਭੰਗੂ, ਪ੍ਰਿੰਸੀਪਲ ਅਮਨਦੀਪ ਕੌਰ ਅਤੇ ਨਵਪ੍ਰੀਤ ਕੌਰ ਨੇ
ਕਿਹਾ, ਕਿ ਡਾ: ਮਨਦੀਪ ਗੌੜ ਦੀ ਜੀਵਤ-ਕਹਾਣੀ, ਸੰਸਥਾ ਦੇ ਵਿਦਿਆਰਥੀਆਂ ਲਈ
ਵਰਦਾਨ ਸਾਬਤ ਹੋਵੇਗੀ। ਸਮਾਗਮ ਦੇ ਅਖ਼ੀਰ ਵਿੱਚ ਤਾਰੀਖ਼ ਦੇ ਨਾਇਕ ਦਾ ਭਰਵਾਂ ਸਨਮਾਨ
ਕੀਤਾ ਗਿਆ। ਇਸ ਸਮੇਂ ਚੌਧਰੀ ਤੀਰਥ ਰਾਮ, ਕਰਨਜੋਤ ਕੌਰ, ਦਲਜੀਤ ਕੌਰ, ਮਨਦੀਪ
ਕੌਰ, ਜਗਰੂਪ ਸਿੰਘ, ਬੇਅੰਤ ਕੌਰ ਆਦਿ ਮੌਜੂਦ ਸਨ।
