News & Events
Mar
2025
Mar
2025
Jan
2025
Dec
2024
Nov
2024
Oct
2024
Discussions held in Kang memorial schools on education techniques
Type : Acitivity
ਸਿੱਖਿਆ-ਜੁਗਤਾਂ ’ਤੇ ਕੰਗ ਯਾਦਗਾਰੀ ਸਕੂਲਾਂ ਵਿੱਚ ਹੋਈ ਵਿਚਾਰ ਗੋਸ਼ਟੀ
ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਬਸੀ ਗੁੱਜਰਾਂ ਵਿਖੇ ਅਧਿਆਪਕਾਂ ਨੂੰ ਸਿੱਖਿਆ-ਜੁਗਤਾਂ ਸਮਝਾਉਂਦੇ ਹੋਏ ਵਿੱਦਿਅਕ-ਚਿੰਤਕ ਡਾ: ਕੁਲਦੀਪ ਸਿੰਘ
"ਲੁੜੀਂਦੀ ਯੋਗਤਾ ਬਣਾ ਕੇ, ਅਧਿਆਪਨ-ਕਿੱਤਾ ਸਬੰਧਤ ਦਾ ਕਮਾਇਆ ਵਰਦਾਨ ਹੁੰਦਾ ਹੈ,
ਜਿਸ ਦੁਆਰਾ ਅਧਿਆਪਕਾਂ ਦੀ ਲਿਆਕਤ, ਸਮਾਜ ਵਿੱਚ ਅੱਗੇ ਤੋਂ ਅੱਗੇ ਫੈਲਦੀ ਹੈ।"
ਇਹ ਵਿਚਾਰ ਵਿੱਦਿਅਕ-ਚਿੰਤਕ ਅਤੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਪ੍ਰੋ: ਡਾ:
ਕੁਲਦੀਪ ਸਿੰਘ ਨੇ ਪ੍ਰਗਟ ਕੀਤੇ। ਉਹ ਨਜ਼ਦੀਕੀ ਪਿੰਡ ਬਸੀ ਗੁੱਜਰਾਂ ਦੀਆਂ
ਸਿੱਖਿਆ-ਸੰਸਥਾਵਾਂ, ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਕੂਲ ਅਤੇ ਡਰੀਮਲੈਂਡ ਪਬਲਿਕ
ਸਕੂਲ ਵਿਖੇ, ਅਧਿਆਪਕਾਂ ਨਾਲ ‘ਸਿੱਖਿਆ-ਜੁਗਤਾਂ’ ਵਿਸ਼ੇ ’ਤੇ ਸੰਵਾਦ ਰਚਾ ਰਹੇ ਸਨ।
ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ, ਹਰ ਅਧਿਆਪਕ ਲਈ ਇਹ ਅਹਿਸਾਸ ਰੱਖਣਾ ਬੇਹੱਦ
ਜ਼ਰੂਰੀ ਹੈ, ਕਿ ਉਸਦਾ ਵਾਹ, ਭਵਿੱਖ ਦੇ ਇਨਸਾਨਾਂ ਨਾਲ ਪੈ ਰਿਹਾ ਹੈ, ਅਤੇ ਉਸਨੇ, ਇਨ੍ਹਾਂ
ਨੂੰ ਜਿਊਣ-ਜੋਗੇ ਬਣਾਉਣ ਦੀ ਜੁੰਮੇਂਵਾਰੀ ਨਿਭਾਉਣੀ ਹੈ। ਉਨ੍ਹਾਂ ਅਧਿਆਪਕਾਂ ਨੂੰ
ਪ੍ਰੇਰਿਆ ਕਿ ਉਹ ਆਪਣੇ ਵਿੱਚ ਦਇਆ, ਧੀਰਜ, ਵਿਸ਼ੇ ਵਿੱਚਲੀ ਪਰਪੱਕਤਾ,
ਨਿਰਪੱਖਤਾ, ਰਚਨਾਤਮਿਕਤਾ, ਸਿੱਖਣ ਦੀ ਇੱਛਾ, ਖੋਜਾਰਥੀ, ਦੂਸਰਿਆਂ ਨਾਲ
ਮਿਲਵਰਤਣ ਆਦਿ ਗੁਣਾ ਦੇ ਧਾਰਨੀ ਹੋਣ। ਅਧਿਆਪਕ ਦੇ ਇਹ ਅਜਿਹੇ ਮਾਨਵੀ-ਗੁਣ ਹਨ,
ਜਿਨ੍ਹਾਂ ਕਾਰਨ, ਉਨ੍ਹਾਂ ਦੇ ਸ਼ਗਿਰਦ, ਉਨ੍ਹਾਂ ਦਾ ਪ੍ਰਭਾਵ ਕਬੂਲ ਕਰਨ ਲੱਗਦੇ ਹਨ। ਉਨ੍ਹਾਂ
ਅਧਿਆਪਕਾਂ ਨੂੰ ਆਪੋ-ਆਪਣੇ ਵਿਸ਼ੇ ਤੋਂ ਇਲਾਵਾ, ਸਾਹਿਤ ਨਾਲ ਜੁੜਨ ਲਈ ਪ੍ਰੇਰਿਆ।
ਉਨ੍ਹਾਂ ਇਹ ਵੀ ਕਿਹਾ ਕਿ ਹਰ ਅਧਿਆਪਕ, ਵਿਦਿਆਰਥੀਆਂ ਵਿੱਚ ਗਿਆਨ ਦੀ
ਜਗਿਆਸਾ ਪੈਦਾ ਕਰਨ ਦਾ ਹੁੰਨਰ ਸਿੱਖੇ, ਵਿਦਿਆਰਥੀਆਂ ਦੇ ਪਿਛੋਕੜ ਬਾਰੇ ਜਾਣੇ,
ਟੀਚਾ ਮਿੱਥਣ ਵਿੱਚ ਸਹਾਇਤਾ ਕਰੇ ਅਤੇ ਵਿਦਿਆਰਥੀਆਂ ਨੂੰ ਸਮੇਂ ਦੀ ਕਦਰ ਕਰਨੀ
ਸਿਖਾਵੇ। ਅਧਿਆਪਕ ਖ਼ੁਦ ਵਹਿਮਾਂ/ਭਰਮਾ ਤੋਂ ਦੂਰ ਰਹਿਣ ਅਤੇ ਵਿਦਿਆਰਥੀਆਂ ਨੂੰ
ਤਰਕਸ਼ੀਲ ਬਣਨ ਲਈ ਪ੍ਰੇਰਨ। ਇਸ ਮੌਕੇ ’ਤੇ ਉਨ੍ਹਾਂ ਅਧਿਆਪਕਾਂ ਨੂੰ ਸਵਾਲਾਂ ਦੇ ਜਵਾਬ
ਦਿੱਤੇ ਅਤੇ ਉਨ੍ਹਾਂ ਨੂੰ ਆਪੋ-ਆਪਣੀ ਸਰੀਰਕ ਅਤੇ ਮਾਨਸਿਕ ਸਿਹਤ ਦੀ ਪਹਿਰੇਦਾਰੀ
ਕਰਨ ਲਈ ਪ੍ਰੇਰਿਆ। ਸੰਸਥਾਵਾਂ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਨੇ ਕਿਹਾ ਕਿ ਹਰ
ਅਧਿਆਪਕ ਆਪਣੇ ਵਿੱਚ ਅਜਿਹਾ ਗੁਣ ਪੈਦਾ ਕਰੇ, ਕਿ ਉਹ ਸਹਿਜ ਨਾਲ ਹੀ ਆਪਣੇ
ਸ਼ਗਿਰਦਾਂ ਦੇ ਮਨ ਵਿੱਚ, ਆਪਣੇ ਵਿਸ਼ੇ ਦਾ ਗਿਆਨ ਟਿਕਾਅ ਸਕੇ। ਉਨ੍ਹਾਂ ਅਧਿਆਪਕਾਂ ਨੂੰ
ਪੜ੍ਹਨ ਲਈ ਕੁੱਝ ਕਿਤਾਬਾਂ ਵੀ ਨੋਟ ਕਰਵਾਈਆਂ ਅਤੇ ਕਿਹਾ ਕਿ ਹਰ ਅਧਿਆਪਕ ਨੂੰ
ਆਪਣਾ ਦਿਨ, ਗਿਆਨ ਦੇ ਲੈਣ/ਦੇਣ ਨਾਲ ਭਰਿਆ ਅਤੇ ਯਾਦਗਾਰੀ ਬਣਾਉਣਾ ਚਾਹੀਦਾ ਹੈ, ਤਾਂ
ਕਿ ਭਵਿੱਖ ਦੇ ਪਛਤਾਵੇ ਤੋਂ ਬਚਿਆ ਜਾ ਸਕੇ। ਪ੍ਰਿੰਸੀਪਲ ਅਮਨਦੀਪ ਕੌਰ, ਪ੍ਰਿੰਸੀਪਲ
ਨਵਪ੍ਰੀਤ ਕੌਰ, ਪ੍ਰਾਇਮਰੀ ਵਿੰਗ ਮੁਖੀ ਬੇਅੰਤ ਕੌਰ ਅਤੇ ਹੋਰ ਅਧਿਆਪਕਾਂ ਨੇ ਆਪੋ-
ਆਪਣੇ ਅਨੁਭਵ ਸਾਂਝੇ ਕੀਤੇ। ਇਸ ਸਮੇਂ ਬਲਜਿੰਦਰ ਸਿੰਘ, ਬਰਿੰਦਰ ਕੌਰ, ਮਨਪ੍ਰੀਤ ਕੌਰ,
ਨਰਿੰਦਰ ਸਿੰਘ, ਬੇਅੰਤ ਕੌਰ, ਮਨਜੀਤ ਕੌਰ, ਦਲਜੀਤ ਕੌਰ, ਜਸਪ੍ਰੀਤ ਕੌਰ, ਕਿਰਨਜੋਤ
ਕੌਰ, ਮਧੂ ਬਾਲਾ, ਪਰਨੀਤ ਕੌਰ, ਸਰਬਜੀਤ ਕੌਰ ਆਦਿ ਹਾਜ਼ਰ ਸਨ।