Go Back
21
Aug
2024

Remembering 1947

Type : Acitivity

1947 ਦੀ ਯਾਦ ਮਨਾਈ



ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਬਸੀ ਗੁੱਜਰਾਂ ਵਿਖੇ, ਭਾਰਤ ਪਾਕਿ ਵੰਡ ਤਰਾਸਦੀ ਤੇ ਹੋਈ ਵਿਸ਼ੇਸ਼ ਇਕੱਤਰਤਾ ਦੇ ਦ੍ਰਿਸ਼

ਦੇਸ਼ ਵੰਡ ਸਮੇਂ ਲੱਖਾਂ ਬੇਗੁਨਾਹਾਂ ਦੀਆਂ ਹੱਤਿਆਵਾਂ ਦੀ ਯਾਦ ਮਨਾਈ ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ ਚਮਕੌਰ ਸਾਹਿਬ ਦੁਆਰਾ ਚਲਾਈਆਂ ਜਾ ਰਹੀਆਂ ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਵਿਖੇ, ਦੇਸ਼ ਵੰਡ ਸਮੇਂ, ਫਿਰਕੂ-ਪਾਗ਼ਲਪਣ ਦੌਰਾਨ, ਕੀਤੀਆਂ ਗਈਆਂ ਲੱਖਾਂ ਬੇਗੁਨਾਹਾਂ ਦੀਆਂ ਦਰਦਨਾਕ ਹੱਤਿਆਵਾਂ ਦੀ ਯਾਦ ਮਨਾਈ ਗਈ। ਸੰਸਥਾਵਾਂ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਨੇ ਦੱਸਿਆ ਕਿ ਉਹ ਸਮਾਂ ਬੇਹੱਦ ਮੰਦਭਾਗਾ ਸੀ, ਜਦੋਂ ਤੰਗ-ਨਜ਼ਰ ਸਿਆਸਤਦਾਨਾਂ ਨੇ, ਫਿਰਕਾਪ੍ਰਸਤੀ ਦੇ ਅਧਾਰ ’ਤੇ ਵੰਡੀਆਂ ਪਾਈਆਂ ਸਨ ਅਤੇ ਭਰਾਵਾਂ ਹੱਥੋਂ ਭਰਾਵਾਂ ਦੀਆਂ ਦਰਦਨਾਕ-ਹੱਤਿਆਵਾਂ ਨੂੰ ਅੰਜਾਮ ਦਿੱਤਾ ਸੀ। ਉਨ੍ਹਾਂ ਨੇ ਪਿੰਡ ਦੇ ਮਰਹੂਮ ਬਜ਼ੁਰਗਾਂ ਤੋਂ ਮਿਲੀ ਜਾਣਕਾਰੀ ਦੇ ਅਧਾਰ ’ਤੇ ਦੱਸਿਆ, ਕਿ ਪਿੰਡ ਬਸੀ ਗੁੱਜਰਾਂ ਅਤੇ ਇਲਾਕੇ ਦੇ ਪਿੰਡਾਂ ਵਿੱਚ ਉਸ ਸਮੇਂ ਵੱਡੀ ਗਿਣਤੀ ਵਿੱਚ ਮੁਸਲਮਾਨ ਵਸਦੇ ਸਨ, ਜਿਨ੍ਹਾਂ ਨੂੰ ਸਥਾਨਕ ਕੱਟੜਪੰਥੀਆਂ ਨੇ ਬੁਰੀ ਮੌਤ ਮਾਰਿਆ ਸੀ। ਦੱਸਿਆ ਗਿਆ ਕਿ ਉਸ ਸਮੇਂ ਪਿੰਡਾਂ ਦੇ ਰਾਹਵਾਂ, ਚੌਕ-ਚੁਰਸਤਿਆਂ ਵਿੱਚ ਲਾਸ਼ਾਂ ਹੀ ਮਿਲਦੀਆਂ ਸਨ ਅਤੇ ਮੁਸਲਮਾਨਾਂ ਦੇ ਮਾਸੂਮ-ਨਿਆਣਿਆਂ ਨੂੰ ਜਿਉਂਦੇ-ਜੀਅ, ਨੇੜੇ ਵਗ਼ਦੀ ਨਹਿਰ-ਸਰਹਿੰਦ ਵਿੱਚ ਸੁੱਟਿਆ ਜਾਂਦਾ ਰਿਹਾ ਸੀ। ਇਸ ਮੌਕੇ ’ਤੇ ਪ੍ਰਿੰਸੀਪਲ ਅਮਨਦੀਪ ਕੌਰ ਨੇ ਮਰਹੂਮ ਲੇਖਕ ‘ਕ੍ਰਿਸ਼ਨ ਚੰਦਰ’ ਦੀ ਲੰਮੀਂ ਕਹਾਣੀ ‘ਪਿਸ਼ਾਵਰ ਐਕਸਪ੍ਰੈਸ’ ਪੜ੍ਹ ਕੇ ਸੁਣਾਈ। ਇਸ ਕਹਾਣੀ ਵਿੱਚ ਸੂਤਰਧਾਰ ਦੇ ਰੂਪ ਵਿੱਚ ਰੇਲ ਗੱਡੀ, ਉਸ ਸਮੇਂ ਦੇ ਮਨੁੱਖੀ-ਪਾਗ਼ਲਪਣ ਨੂੰ ਰੂਪਮਾਨ ਕਰਦੀ ਹੈ, ਕਿ ਕਿਵੇਂ ਪਾਕਿਸਤਾਨ ਵਾਲੇ ਪਾਸੇ, ਮੁਸਲਮਾਨਾਂ ਨੇ ਸਿੱਖਾਂ ਅਤੇ ਹਿੰਦੂ ਪਰਿਵਾਰਾਂ ਨੂੰ ਵੱਢ ਟੁੱਕ ਕੇ ਮਾਰ ਮੁਕਾਇਆ ਸੀ, ਕਿਵੇਂ ਉਹ ਲਾਸ਼ਾਂ ਦੇ ਢੇਰ, ਭਾਰਤ ਵਾਲੇ ਪਾਸੇ ਭੇਜੇ ਸਨ। ਇਸੇ ਤਰ੍ਹਾਂ ਪੰਜਾਬ ਵਿੱਚ ਲੰਘਦਿਆਂ, ਕਿਵੇਂ ਗੱਡੀ ਵਿੱਚ ਮੁਸਲਮਾਨਾਂ ਨੂੰ ਮਾਰ ਮੁਕਾਇਆ ਸੀ। ਅਧਿਆਪਕਾ ਬਰਿੰਦਰ ਕੌਰ ਨੇ ਦੱਸਿਆ ਕਿ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਉਸ ਸਮੇਂ ਦੇ ਕਹਿਰ ਨੇ ਆਪਣੀ ਜਨਮ-ਭੂੰਮੀਂ ਅਤੇ ਰਿਸ਼ਤਿਆਂ ਨਾਲੋਂ ਤੋੜ ਦਿੱਤਾ ਸੀ, ਉਹ ਕੰਡਿਆਲੀ ਸਰਹੱਦ ਦੇ ਆਰ ਪਾਰ, ਮਿਲਣ ਦੀ ਅਧੂਰੀ-ਖਾਹਿਸ਼ ਲੈ ਕੇ ਮਰ ਚੁੱਕੇ ਹਨ ਅਤੇ ਹੁਣ ਵੀ ਕਰਤਾਰਪੁਰ ਦਾ ਲਾਂਘਾ ਖੁੱਲ੍ਹਣ ਕਾਰਨ ਜਦੋਂ, ਉਦੋਂ ਦੇ ਵਿੱਛੜੇ ਰਿਸ਼ਤੇ ਬਗਲਗੀਰ ਹੁੰਦੇ ਹਨ, ਤਾਂ ਉਸ ਸਮੇਂ ਦੇ ਮਨੁੱਖੀ-ਪਾਗ਼ਲਪਣ ’ਤੇ ਘਿਣ ਆਉਂਦੀ ਹੈ। ਡਰੀਮਲੈਂਡ ਪਬਲਿਕ ਸਕੂਲ ਦੀ ਪ੍ਰਿੰਸੀਪਲ ਨਵਪ੍ਰੀਤ ਕੌਰ ਨੇ ਕਾਮਨਾ ਕੀਤੀ ਕਿ ਮੁੜ ਅਜਿਹਾ ਕਦੇ ਵੀ ਅਤੇ ਕਿਧਰੇ ਵੀ ਨਾ ਵਾਪਰੇ। +2 ਦੀ ਵਿਦਿਆਰਥਣ ਸੁਖਮਨਪ੍ਰੀਤ ਕੌਰ ਨੇ ਇਸ ਇਤਿਹਾਸਕ-ਪੀੜ ’ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਕੁੱਲ ਮਿਲਾ ਕੇ ਇਤਿਹਾਸ ਦੇ ਇਹ ਖੂੰਨੀ-ਵਰਕੇ, ਸਭ ਨੂੰ ਮਾਯੂਸ ਕਰਨ ਵਾਲੇ ਸਨ। ਇਸ ਮੌਕੇ ’ਤੇ ਬੇਅੰਤ ਕੌਰ, ਨਰਿੰਦਰ ਸਿੰਘ, ਇੰਦਰਵੀਰ ਸਿੰਘ, ਦਲਜੀਤ ਕੌਰ, ਜਸਪ੍ਰੀਤ ਕੌਰ, ਗਗਨਦੀਪ ਕੌਰ, ਬਲਜਿੰਦਰ ਸਿੰਘ ਆਦਿ ਹਾਜ਼ਰ ਸਨ।