Go Back
5
Aug
2024

Inspection of 'Mera Village 360' center by Khalsa Aid International

Type : Acitivity

ਖਾਲਸਾ ਏਡ ਇੰਟਰਨੈਸ਼ਨਲ ਵੱਲੋਂ ‘ਮੇਰਾ ਪਿੰਡ 360’ ਕੇਂਦਰ ਦਾ ਨਿਰੀਖਣ



‘ਮੇਰਾ ਪਿੰਡ 360’ ਕੇਂਦਰ ਬਸੀ ਗੁੱਜਰਾਂ ਵਿਖੇ, ਨਿਰੀਖਣ ਦੌਰਾਨ ਖਾਲਸਾ ਏਡ ਇੰਟਰਨੈਸ਼ਨਲ ਦੇ ਨੁਮਾਂਇੰਦੇ, ਪ੍ਰਬੰਧਕਾਂ ਨਾਲ ਯਾਦਗਾਰੀ ਤਸਵੀਰ ਖਿਚਾਉਣ ਸਮੇਂ

ਖਾਲਸਾ ਏਡ ਇੰਟਰਨੈਸ਼ਨਲ ਵੱਲੋਂ ‘ਮੇਰਾ ਪਿੰਡ 360’ ਕੇਂਦਰ ਦਾ ਨਿਰੀਖਣ ਖਾਲਸਾ ਏਡ ਇੰਟਰਨੈਸ਼ਨਲ ਦੇ ਸਹਿਯੋਗ ਨਾਲ, ਫਰੈਂਡਜ਼ ਆਫ ਪੰਜਾਬ ਫਾਂਊਂਡੇਸ਼ਨ ਦੇ, ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਪਿੰਡ ਬਸੀ ਗੁੱਜਰਾਂ ਵਿੱਚ ਖੁੱਲ੍ਹੇ ‘ਮੇਰਾ ਪਿੰਡ 360’ ਕੇਂਦਰ ਦਾ ਨਿਰੀਖਣ ਕਰਨ ਲਈ, ਫਾਂਊਂਡੇਸ਼ਨ ਅਤੇ ਖਾਲਸਾ ਏਡ ਇੰਟਰਨੈਸ਼ਨਲ ਦੇ ਨੁਮਾਂਇੰਦੇ ਪਹੁੰਚੇ। ਵਰਨਣਯੋਗ ਹੈ ਕਿ ਇਹ ਅਦਾਰਾ, ਸੁਵਿਧਾ ਕੇਂਦਰਾਂ ਦੀ ਤਰਜ਼ ’ਤੇ ਜਨਵਰੀ ਵਿੱਚ ਸ਼ੁਰੂ ਹੋਇਆ ਸੀ, ਜਿਸ ਵਿੱਚ ਰੋਜ਼ਾਨਾਂ ਦੇ ਕੰਮਾਂ ਲਈ ਸ਼ਹਿਰਾਂ ਵਿੱਚ ਖੁਆਰ ਹੋਣ ਵਾਲੇ ਲੋਕਾਂ ਦੇ ਕੰਮ ਮੁਫਤ ਕੀਤੇ ਜਾਂਦੇ ਹਨ। ਖਾਲਸਾ ਏਡ ਵੱਲੋਂ ਆਏ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਫਰੈਡਜ਼ ਆਫ ਪੰਜਾਬ ਫਾਂਊਂਡੇਸ਼ਨ ਦੇ ਜਨ-ਸੇਵਾ ਦੇ ਮਨੋਰਥ ਨੂੰ ਮੁੱਖ ਰੱਖਦਿਆਂ ਪੰਜਾਬ ਵਿੱਚ, ਇਸ ਕੇਂਦਰ ਤੋਂ ਇਲਾਵਾ ਕਸਬਾ ਮੌੜ ਅਤੇ ਪਿੰਡ ਬੱਲ੍ਹੋ (ਬਠਿੰਡਾ), ਪਿੰਡ ਲੋਪੋਂ (ਮੋਗਾ), ਪਿੰਡ ਰੂੜੇਵਾਲ ਨੇੜੇ ਮਾਛੀਵਾੜਾ (ਲੁਧਿਆਣਾ) ਵਿਖੇ ‘ਮੇਰਾ ਪਿੰਡ 360’ ਕੇਂਦਰ ਖੋਲ੍ਹੇ ਹੋਏ ਹਨ। ਉਨ੍ਹਾਂ ਵਿਸ਼ਵ ਭਰ ਵਿੱਚ, ਖਾਲਸਾ ਏਡ ਇੰਟਰਨੈਸ਼ਨਲ ਵੱਲੋਂ ਕੀਤੇ ਜਾਂਦੇ ਉਪਕਾਰੀ ਕਾਰਜਾਂ ਬਾਰੇ ਦੱਸਿਆ, ਕਿ ਕਿਵੇਂ ਇਹ ਸੰਗਠਨ ਆਫ਼ਤਾਂ ਵਿੱਚ ਘਿਰੇ ਲੋਕਾਂ ਤੱਕ, ਵਿਸ਼ਵ ਵਿਆਪੀ ਸੰਗਤ ਦੇ ਸਹਿਯੋਗ ਨਾਲ ਰਾਹਤ ਸਮੱਗਰੀ ਪਹੁੰਚਾਉਂਦਾ ਹੈ। ਉਨ੍ਹਾਂ ਸਿੱਖਿਆ, ਸਮਝ ਅਤੇ ਵਾਤਾਵਰਣ ਆਦਿ ਲਈ ਕੀਤੀਆਂ ਜਾਂਦੀਆਂ ਸਰਗਰਮੀਆਂ ਦਾ ਬਿਓਰਾ ਦਿੱਤਾ। ਇਸ ਮੌਕੇ ’ਤੇ ਉਨ੍ਹਾਂ ਕੇਂਦਰ ਦੇ ਮੈਨੇਜਰ ਜਤਿੰਦਰ ਸਿੰਘ, ਕੰਪਿਊਟਰ ਅਪਰੇਟਰ ਰਮਨਦੀਪ ਸਿੰਘ ਅਤੇ ਸਿਹਤ ਸਹਾਇਕ ਕਿਰਨਜੀਤ ਕੌਰ ਕੋਲੋਂ, ਕੇਂਦਰ ਦੁਆਰਾ ਹੁਣ ਤੱਕ ਹੋਏ ਕਾਰਜਾਂ ਦਾ ਵੇਰਵਾ ਜਾਣਿਆਂ, ਲਿਖਤੀ ਰਿਕਾਰਡ ਚੈੱਕ ਕੀਤਾ ਅਤੇ ਕਾਰਜਾਂ ਦੀ ਗੁਣਵੰਤਾਂ ਲਈ ਸੁਝਾਅ ਦਿੱਤੇ। ਦੱਸਿਆ ਗਿਆ ਕਿ ਇਸ ਕੇਂਦਰ ਵੱਲੋਂ ਲੋੜਵੰਦਾਂ ਨੂੰ ਲਗਾਤਾਰ, ਫੋਟੋਸਟੈਟ ਕਰਾਉਣ, ਰੰਗਦਾਰ ਫੋਟੋਆਂ ਬਣਾਉਣ, ਲਾਇਸੰਸ ਬਣਾਉਣ, ਪਾਸਪੋਰਟ ਬਣਾਉਣ (ਕੇਵਲ ਸਰਕਾਰੀ ਫ਼ੀਸ ਲੈ ਕੇ) ਆਦਿ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ’ਤੇ ਫਰੈਡਜ਼ ਆਫ ਪੰਜਾਬ ਫਾਂਊਂਡੇਸ਼ਨ ਵੱਲੋਂ ਇੰਜ: ਮੱਖਣ ਲਾਲ ਗਰਗ ਨੇ ‘ਮੇਰਾ ਪਿੰਡ 360’ ਕੇਂਦਰਾਂ ਦੁਆਰਾ ਦਿੱਤੀਆਂ ਜਾਦੀਆਂ ਸੇਵਾਵਾਂ ਵਿੱਚ ਲਾਇਬਰੇਰੀ, ਲੋਕਾਂ ਦੇ ਰੋਜ਼ ਰੋਜ਼ ਦੇ ਕੰਮ, ਔਰਤਾਂ ਨੂੰ ਹੁੰਨਰਮੰਦ ਬਣਾਉਣ, ਬਾਲਗਾਂ ਨੂੰ ਪੜ੍ਹਾਉਣ, ਕੰਪਿਊਟਰ ਸਿੱਖਿਆ, ਵਿਸ਼ੇਸ਼ ਦਿਨ੍ਹਾਂ ’ਤੇ ਵਿਦਿਆਰਥੀਆਂ ਦੇ ਲਿਖਤੀ ਮੁਕਾਬਲੇ ਕਰਾਉਣ ਆਦਿ ਸ਼ਾਮਲ ਹਨ। ਇਸ ਮੌਕੇ ’ਤੇ ਕੋਟਲੀ ਅਰਾਈਆਂ (ਹੁਸ਼ਿਆਰਪੁਰ) ਕੇਂਦਰ ਦੇ ਮੈਨੇਜਰ ਪਿਊਸ਼ ਨਰ, ਇੰਜ: ਅਮਰਜੀਤ ਸਿੰਘ ਪਾਬਲਾ, ਖਾਲਸਾ ਏਡ ਦੇ ਨੁਮਾਂਇੰਦਿਆਂ ਵਿੱਚ ਗੁਰਵਿੰਦਰ ਸਿੰਘ, ਗੁਰਮੀਤ ਸਿੰਘ ਅਤੇ ਅਮਨਦੀਪ ਸਿੰਘ ਤੋਂ ਇਲਾਵਾ ਪ੍ਰਿੰਸੀਪਲ ਅਮਨਦੀਪ ਕੌਰ, ਪ੍ਰਿੰਸੀਪਲ ਨਵਪ੍ਰੀਤ ਕੌਰ, ਖ਼ੁਸ਼ਪ੍ਰੀਤ ਸਿੰਘ ਆਦਿ ਸ਼ਾਮਲ ਸਨ।