Go Back
30
Jul
2024

Dreamland School get recognition from the CBSE Central Board of Secondary Education

Type : Acitivity

ਡਰੀਮਲੈਂਡ ਸਕੂਲ ਨੂੰ ਕੇਂਦਰੀ ਬੋਰਡ ਦੀ ਮਾਨਤਾ ਮਿਲਣ ’ਤੇ ਖੁਸ਼ੀ ਮਨਾਈ ਪ੍ਰਬੰਧਕੀ ਕਮੇਟੀ ਨੇ ਸਟਾਫ ਅਤੇ ਮਿਹਨਤੀਆਂ ਨੂੰ ਵੰਡੇ ਲੱਡੂ



ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸਵਰਨ ਸਿੰਘ ਭੰਗੂ, ਡਰੀਮਲੈਂਡ ਪਬਲਿਕ ਸਕੂਲ ਬਸੀ ਗੁੱਜਰਾਂ ਦੀ ਪਿ੍ਰੰਸੀਪਲ ਨਵਪ੍ਰੀਤ ਕੌਰ ਨੂੰ, ਕੇਂਦਰੀ ਬੋਰਡ ਦੀ ਮਾਨਤਾ ਦਾ ਪੱਤਰ ਸੌਂਪਦੇ ਹੋਏ

ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ (ਰਜਿ:) ਸ੍ਰੀ ਚਮਕੌਰ ਸਾਹਿਬ ਅਧੀਨ, ਨਜ਼ਦੀਕੀ ਪਿੰਡ ਬਸੀ ਗੁੱਜਰਾਂ ਵਿਖੇ ਚੱਲ ਰਹੇ ‘ਡਰੀਮਲੈਂਡ ਪਬਲਿਕ ਸਕੂਲ’ ਨੂੰ ਕੇਂਦਰੀ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ ਬੀ ਐੱਸ ਈ) ਦੀ ਮਾਨਤਾ ਮਿਲਣ ਉਪਰੰਤ ਪ੍ਰਬੰਧਕੀ ਕਮੇਟੀ ਮੈਂਬਰਾਂ ਨੇ, ਸਟਾਫ ਅਤੇ ਇਮਾਰਤ ਦੇ ਨਿਰਮਾਣ ਕਾਰਜਾਂ ਵਿੱਚ ਜੁਟੇ ਮਿਹਨਤੀਆਂ ਨੂੰ ਲੱਡੂ ਵੰਡ ਕੇ ਖੁਸ਼ੀ ਮਨਾਈ। ਸੁਸਾਇਟੀ ਦੇ ਚੇਅਰਮੈਨ ਸਵਰਨ ਸਿੰਘ ਭੰਗੂ ਨੇ ਦੱਸਿਆ ਕਿ ਪ੍ਰਬੰਧਕੀ ਕਮੇਟੀ ਬੀਤੇ 8 ਸਾਲ ਤੋਂ ਇਸ ਦਿਨ ਦੀ ਉਡੀਕ ਕਰ ਰਹੀ ਸੀ। ਦੱਸਿਆ ਗਿਆ ਕਿ ਪੇਚੀਦਾ ਜਾਬਤਿਆਂ ਦੌਰਾਨ ਪਹਿਲਾਂ ਪੰਜਾਬ ਸ਼ਹਿਰੀ ਯੋਜਨਾਂ ਅਤੇ ਵਿਕਾਸ ਅਥਾਰਿਟੀ (ਪੁੱਡਾ) ਤੋਂ ਭੌਂ-ਤਬਦੀਲੀ ਸਰਟੀਫਿਕੇਟ ਲਿਆ ਗਿਆ, ਫਿਰ 2020 ਤੋਂ ਲਗਾਤਾਰ ਢੁਕਵੀਂ ਇਮਾਰਤ ਉਸਾਰੀ ਗਈ, ਕਲਾਸਾਂ ਸ਼ੁਰੂ ਕੀਤੀਆਂ ਗਈਆਂ। ਫਿਰ 2 ਦਰਜਨ ਤੋਂ ਵੱਧ ਜਾਬਤਿਆਂ ਦੇ ਸਰਟੀਫਿਕੇਟ ਲੈ ਕੇ, ਅਧਿਕਾਰੀਆਂ ਦੀ ਪੜਤਾਲੀਆ-ਸਹੀ ਉਪਰੰਤ, ਪੰਜਾਬ ਸਰਕਾਰ ਤੋਂ ਇਤਰਾਜ਼ਹੀਣਤਾ ਸਰਟੀਫਿਕੇਟ ਲਿਆ ਗਿਆ। ਇਸ ਤੋਂ ਬਾਅਦ ਸੀ ਬੀ ਐੱਸ ਈ ਨੂੰ ਆਨਲਾਈਨ ਬਿਨੈ ਕੀਤਾ ਗਿਆ। ਦੱਸਿਆ ਗਿਆ ਕਿ ਇਸ ਭਾਰਤੀ ਵਿਵਸਥਾ ਵਿੱਚ ਇਹ ਸਭ ਖਰਚੀਲਾ ਅਤੇ ਜੋਖਮ ਭਰਿਆ ਸੀ। ਸੁਸਾਇਟੀ ਦੇ ਵਿੱਤ-ਸਕੱਤਰ ਅਤੇ ਪੰਜਾਬੀ ਫਿਲਮ-ਜਗਤ ਦੇ ਪ੍ਰਸਿੱਧ-ਅਦਾਕਾਰ ਮਲਕੀਤ ਰੌਣੀ ਨੇ ਦੱਸਿਆ ਕਿ ਭਾਵੇਂ ਸੁਸਾਇਟੀ ਬੀਤੇ 27 ਸਾਲ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ‘ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ ਸੰਸਥਾ’ ਚਲਾਉਂਦੀ ਆ ਰਹੀ ਹੈ, ਪਰ ਇਲਾਕੇ ਦੇ ਲੋਕਾਂ ਦੀ ਮੰਗ ’ਤੇ ਲੱਗਭੱਗ 2.50 ਕਰੋੜ ਦੀ ਇਮਾਰਤ ਉਸਾਰ ਕੇ, ਇੱਕ ਨਵਾਂ ਸਕੂਲ ਹੋਂਦ ਵਿੱਚ ਲਿਆਂਦਾ ਗਿਆ। ਸੁਸਾਇਟੀ ਦੀ ਮੈਂਬਰ ਅਤੇ ਪ੍ਰਸਿੱਧ-ਅਦਾਕਾਰਾ ਸ਼੍ਰੀਮਤੀ ਗੁਰਪ੍ਰੀਤ ਕੌਰ ਭੰਗੂ ਕਿਹਾ ਕਿ ਮਿਸ਼ਨਰੀ ਖਾਸਾ ਹੋਣ ਕਰਕੇ ਜਿੱਥੇ ਇਹ ਸਿੱਖਿਆ-ਸੰਸਥਾਵਾਂ, ਲੋੜਵੰਦ ਪਰਿਵਾਰਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ ਦਿੰਦੀਆਂ ਹਨ, ਉੱਥੇ ਨੈਤਿਕ-ਕਦਰਾਂ ਨੂੰ ਪਹਿਲ ਦਿੱਤੀ ਜਾਂਦੀ ਹੈ, ਸਮੁੱਚਾ ਸਟਾਫ ਇਹ ਸੇਵਾਵਾਂ ਪ੍ਰਤੀਬੱਧਤਾ ਨਾਲ ਨਿਭਾਅ ਰਿਹਾ ਹੈ ਅਤੇ ਕੇਂਦਰੀ ਬੋਰਡ ਦੀ ਮਾਨਤਾ ਨਾਲ ਹੁਣ ਸਾਨੂੰ ਹੋਰ ਵੀ ਬਿਹਤਰ ਕਰਨ ਦਾ ਮੌਕਾ ਮਿਲੇਗਾ। ਸੰਸਥਾਵਾਂ ਦੀਆਂ ਪ੍ਰਿੰਸੀਪਲਾਂ ਅਮਨਪ੍ਰੀਤ ਕੌਰ ਅਤੇ ਨਵਪ੍ਰੀਤ ਕੌਰ ਨੇ ਦੱਸਿਆ ਕਿ ਨਵੀਂ ਮਾਨਤਾ ਲਈ, ਵਕਾਰੀ ਸਕੂਲਾਂ ਦੇ ਪ੍ਰਭਾਵੀ ਪ੍ਰਿੰਸੀਪਲਾਂ ’ਤੇ ਅਧਾਰਤ ਕੇਂਦਰੀ ਬੋਰਡ ਦੀ ਪੜਤਾਲੀਆ ਟੀਮ ਪਹੁੰਚਣ ਤੋਂ ਪਹਿਲਾਂ ਸਮੁੱਚੇ ਸਟਾਫ ਨੇ ਅਹਾਤੇ ਦੀ ਸਫਾਈ ਅਤੇ ਲੁੜੀਂਦੇ ਜਾਬਤਿਆਂ ਦੀ ਪੂਰਤੀ ਲਈ, ਬੇਹੱਦ ਮਿਹਨਤ ਕੀਤੀ ਸੀ। ਇਸ ਸਮੇਂ ਚੌਧਰੀ ਤੀਰਥ ਰਾਮ ਅਤੇ ਹਰਵਿੰਦਰ ਸਿੰਘ ਔਜਲਾ ਤੋਂ ਇਲਾਵਾ ਬਰਿੰਦਰ ਕੌਰ, ਮਨਪ੍ਰੀਤ ਕੌਰ, ਪ੍ਰਭਜੋਤ ਕੌਰ, ਸਰਬਜੀਤ ਕੌਰ, ਪ੍ਰਨੀਤ ਕੌਰ, ਬਲਵਿੰਦਰ ਸਿੰਘ, ਦਲਜੀਤ ਕੌਰ, ਅਮਨਪ੍ਰੀਤ ਕੌਰ, ਨਰਿੰਦਰ ਸਿੰਘ ਆਦਿ ਸ਼ਾਮਲ ਸਨ।