Go Back
7
Apr
2024

Rubaru with Dr Davinder Saifi

Type : Acitivity

ਸਾਹਿਤਕਾਰ ਡਾ. ਦਵਿੰਦਰ ਸੈਫ਼ੀ ਨਾਲ ਰੂਬਰੂ ਅਤੇ ਗੀਤ ਸੰਗੀਤ



"ਸਿੱਖਿਆ ਮਨੁੱਖ ਨੂੰ ਮਹਾਂਮਾਨਵ ਬਣਨ ਦਾ ਵਰਦਾਨ ਤੱਕ ਦਿੰਦੀ ਹੈ, ਸ਼ਰਤ ਇਹ ਹੈ ਕਿ ਸਿੱਖਿਆ ਮਨੁੱਖੀ-ਕਦਰਾਂ ਨਾਲ, ਮਨੁੱਖ-ਮੁਖੀ ਸਾਹਿਤ, ਸੰਗੀਤ ਅਤੇ ਸੱਭਿਆਚਾਰ ਦੇ ਰੰਗਾਂ ਨਾਲ ਭਰਪੂਰ ਹੋਵੇ, ਇਸ ਵਿੱਚ ਜ਼ਿੰਦਗੀ ਦਾ ਸੋਹਜ ਹੋਵੇ, ਦੂਜੇ ਦੀ ਪੀੜ ਨੂੰ ਸਮਝਣ ਜਿਹੀ ਸੰਵੇਦਨਾ ਹੋਵੇ, ਨਿਮਰਤਾ ਅਤੇ ਦਿਆਲਤਾ ਜਿਹੇ ਗੁਣਾ ਦਾ ਗੁਲਦਸਤਾ ਹੋਵੇ।"

ਇਹ ਵਿਚਾਰ ਨੌਜਵਾਨ ਸਾਹਿਤਕਾਰ ਅਤੇ ਸਰਕਾਰੀ ਅਧਿਆਪਕ ਸਿਖਲਾਈ ਸੰਸਥਾ ਰੂਪਨਗਰ ਦੇ ਪੰਜਾਬੀ ਲੈਕਚਰਾਰ ਡਾ. ਦਵਿੰਦਰ ਸੈਫੀ ਨੇ ਪ੍ਰਗਟ ਕੀਤੇ। ਉਹ ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ ਸੰਸਥਾਵਾਂ ਵਿਖੇ ਰੂਬਰੂ ਸਮਾਗਮ ਵਿੱਚ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਸਿੱਖਿਆ ਵਿਅਕਤੀਗਤ ਤੌਰ ’ਤੇ ਮਨੁੱਖ ਨੂੰ ਖਾਣਾ/ਪੀਣਾ, ਪਹਿਨਣਾ, ਬੋਲਣਾ ਅਤੇ ਰਹਿਣਾ ਹੀ ਨਹੀਂ ਸਿਖਾਉਂਦੀ, ਸਗੋਂ ਇਹ ਮਨੁੱਖੀ ਸਮਾਜ, ਧਰਤੀ ਅਤੇ ਪ੍ਰਕਿਰਤੀ ਪ੍ਰਤੀ ਬਣਦੇ ਫਰਜਾਂ ਦਾ ਵੀ ਵਰਦਾਨ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਹਰ ਵਿਦਿਆਰਥੀ ਵਿਲੱਖਣ-ਪ੍ਰਤਿਭਾ ਦਾ ਮਾਲਕ ਹੁੰਦਾ ਹੈ ਅਤੇ ਉਸਨੇ ਆਪਣੀਆਂ ਕਰਤਾਰੀ ਰੁਚੀਆਂ ਉਭਾਰਨ ਲਈ ਹਮੇਸ਼ਾਂ ਅੱਗੇ ਵਧਣਾ ਹੁੰਦਾ ਹੈ। ਇਸ ਮੌਕੇ ’ਤੇ ਉਨ੍ਹਾਂ ਅਧਿਆਪਕਾਂ ਨੂੰ ਵੀ, ਅਧਿਆਪਨ ਕਿੱਤੇ ਦੀਆਂ ਵਡਮੁੱਲੀਆਂ ਜ਼ੁੰਮੇਂਵਾਰੀਆਂ ਦਾ ਅਹਿਸਾਸ ਕਰਾਇਆ, ਕਿ ਉਨ੍ਹਾਂ ਦੇ ਸਾਹਮਣੇ ਵਿਦਿਆਰਥੀਆਂ ਦੇ ਰੂਪ ਵਿੱਚ ਭਵਿੱਖ ਦੀ ਇੱਕ ਪੀੜ੍ਹੀ ਪੜ੍ਹ ਰਹੀ ਹੈ, ਜਿਸਦੇ ਨਕਸ਼ਾਂ ਨੂੰ, ਅਧਿਆਪਕ ਵਰਗ ਹੀ ਸੰਵਾਰ ਸਕਦਾ ਹੈ। ਉਨ੍ਹਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪੁਸਤਕਾਂ ਦੀ ਮਹਿਮਾਂ ਦੱਸਦਿਆਂ, ਹਰੇਕ ਨੂੰ ਲਾਇਬਰੇਰੀ ਅਤੇ ਅਖਬਾਰਾਂ ਨਾਲ ਜੁੜਨ ਲਈ ਪ੍ਰੇਰਿਆ। ਡਾ. ਸੈਫ਼ੀ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਕੀਤੇ ਸਵਾਲਾਂ ਦੇ ਜਵਾਬ ਵੀ ਦੱਤੇ। ਇਸ ਰੂਬਰੂ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ, ਕੰਨਿਆਂ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 18 ਸੀ ਚੰਡੀਗੜ੍ਹ ਦੇ ਸੰਗੀਤ ਅਧਿਆਪਕ ਸ਼੍ਰੀ ਸੁਖਵਿੰਦਰ ਸਾਰੰਗ ਨੇ, ਡਾ. ਸੈਫ਼ੀ ਦੇ ਲਿਖੇ 3 ਗੀਤ ਗਾਏ, ਜਿਨ੍ਹਾਂ ਵਿੱਚ ਮਨੁੱਖ ਦੀਆਂ 3 ਮਾਵਾਂ ‘ਧਰਤੀ ਮਾਂ, ਮਾਂ ਬੋਲੀ ਅਤੇ ਜਨਮ ਦੇਣ ਵਾਲੀ ਮਾਂ’ ਦੀ ਵਡਿਆਈ ਦਾ ਜ਼ਿਕਰ ਸੀ। ਇੱਕ ਗੀਤ ਪੜ੍ਹਨ ਵਾਲੀਆਂ ਲੜਕੀਆਂ ਦੇ ਸੋਹਜ ਨੂੰ ਸਮਰਪਿਤ ਕੀਤਾ ਗਿਆ। ਇਸ ਸਮਾਗਮ ਨੂੰ ਸੰਸਥਾਵਾਂ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਅਤੇ ਪ੍ਰਿੰਸੀਪਲ ਅਮਨਦੀਪ ਕੌਰ ਨੇ ਸੰਬੋਧਨ ਕੀਤਾ। ਸੰਸਥਾਵਾਂ ਵਿੱਚ ਦਾਖਲ ਹੋਏ ਨਵੇਂ ਵਿਦਿਆਰਥੀਆਂ ਨੂੰ ‘ਜੀ ਆਇਆਂ ਨੂੰ’ ਕਿਹਾ ਗਿਆ। ਸੰਸਥਾ ਦੇ ਸੰਗੀਤ ਅਧਿਆਪਕ ਸਰਬਜੀਤ ਸਿੰਘ ਨੇ ਆਪਣਾ ਪਸੰਦੀਦਾ ਗੀਤ ਛੱਲਾ ਸੁਣਾਇਆ। ਇਸ ਰੂਬਰੂ ਸਮਾਗਮ ਵਿੱਚ ਪ੍ਰਿੰਸੀਪਲ ਨਵਪ੍ਰੀਤ ਕੌਰ, ਬਾਲ ਸਿੰਖਿਆ ਦੀ ਮੁਖੀ ਬੇਅੰਤ ਕੌਰ, ਵੀਰਇੰਦਰ ਸਿੰਘ, ਗਗਨਦੀਪ ਕੌਰ, ਦਲਜੀਤ ਕੌਰ, ਨਰਿੰਦਰ ਸਿੰਘ, ਕਿਰਨਜੋਤ ਕੌਰ ਆਦਿ ਸਟਾਫ ਮੈਂਬਰ ਮੌਜੂਦ ਸਨ।

ਕੰਗ ਯਾਦਗਾਰੀ ਸਿੱਖਿਆ ਸੰਸਥਾਵਾਂ ਪਿੰਡ ਬਸੀ ਗੁੱਜਰਾਂ ਵਿਖੇ ਰੂਬਰੂ ਸਮਾਗਮ ਨੂੰ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਡਾ. ਦਵਿੰਦਰ ਸੈਫੀ ਅਤੇ ਗੀਤ ਗਾਉਂਦੇ ਹੋਏ ਸ੍ਰੀ ਸੁਖਵਿੰਦਰ ਸਾਰੰਗ