Go Back
25
Mar
2022

Lost Money donated for education, due to non-availability of heirs,

Type : Acitivity

ਵਾਰਸ ਨਾ ਮਿਲਣ ਕਾਰਨ ਗੁਆਚੇ ਹੋਏ ਮਿਲੇ ਪੈਸੇ, ਸਿੱਖਿਆ ਲਈ ਭੇਟ ਕੀਤੇ
ਜੀਵਨ ਵਿੱਚ ਮਨੁੱਖ ਦਾ ਨੇਕ ਅਤੇ ਉਪਕਾਰੀ ਹੋਣਾ ਬੇਹੱਦ ਜ਼ਰੂਰੀ - ਕੇ ਐੱਸ ਪੰਨੂੰ

‘‘ਜਿੱਥੇ ਸਾਡੇ ਸਮਾਜ ਵਿੱਚ ਨਿੱਜ, ਸਵਾਰਥ ਦਾ ਬੋਲਬਾਲਾ ਹੈ, ਆਪਾ-ਧਾਪੀ ਹੈ, ਨਜ਼ਦੀਕੀ ਰਿਸ਼ਤੇ ਤਿੜਕ ਰਹੇ ਹਨ, ਹਰ ਵਰਗ ਵਿੱਚ ਮਾਡਲ-ਨੁਮਾਂ ਵਿਅਕਤੀਆਂ ਦੀ ਘਾਟ ਹੈ, ਉੱਥੇ ਹੀ ਸਾਡੇ ਸਮਾਜ ਵਿੱਚ ਕਿੰਨੇ ਹੀ ਮਾਣ ਕਰਨ ਯੋਗ ਲੋਕ ਹਨ ਜਿਹੜੇ ਹਰ ਕੰਮ ਨੇਕੀ ਨੂੰ ਮੁੱਖ ਰੱਖਕੇ ਕਰਦੇ ਹਨ ਅਤੇ ਹੋਰਨਾਂ ਲਈ ਮਿਸਾਲ ਬਣਦੇ ਹਨ’’

ਇਹ ਵਿਚਾਰ ਸਾਬਕਾ ਆਈ ਏ ਐੱਸ ਅਧਿਕਾਰੀ ਅਤੇ ਮੈਂਬਰ ਹਾਈ ਵੇਅ ਅਥਾਰਿਟੀ ਆਫ ਇੰਡੀਆ, ਸ: ਕਾਹਨ ਸਿੰਘ ਪੰਨੂੰ ਨੇ ਪ੍ਰਗਟ ਕੀਤੇ। ਉਹ ਸ: ਗੁਰਦੇਵ ਸਿੰਘ ਕੰਗ ਮੈਮੋਰੀਅਲ ਰੂਰਲ ਇੰਸਟੀਚਿਊਟ ਫਾਰ ਕਰੀਅਰ ਕੋਰਸਿਜ਼ ਬਸੀ ਗੁੱਜਰਾਂ ਵਿਖੇ ਸੰਬੋਧਨ ਕਰ ਰਹੇ ਸਨ। ਇਹ ਸਮਾਗਮ ਪੁਲਿਸ ਦੇ ਇੱਕ ਏ ਐੱਸ ਆਈ ਵੱਲੋਂ, ਸੰਸਥਾ ਵਿੱਚ ਪੜ੍ਹ ਰਹੇ ਲੋੜਵੰਦ ਪਰਿਵਾਰਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਭੇਟ ਕੀਤੀ ਗਈ 85000 ਦੀ ਰਾਸ਼ੀ ਦੇ ਮੌਕਾ-ਮੇਲ ’ਤੇ ਹੋ ਰਿਹਾ ਸੀ। ਇਸ ਮੌਕੇ ’ਤੇ ਸ: ਪੰਨੂੰ ਨੇ ਇੱਕ ਨੇਕ ਇਨਸਾਨ ਵਜੋਂ ਪੁਲਿਸਕਰਮੀਂ ਦੀ ਸਰਾਹਨਾ ਕੀਤੀ ਅਤੇ ਵਿਦਿਆਰਥੀਆਂ ਨੂੰ ਹਮੇਸ਼ਾਂ ਇਮਾਨਦਾਰੀ ਦੇ ਰਸਤੇ ’ਤੇ ਚੱਲਣ ਲਈ ਪ੍ਰੇਰਿਆ। ਆਪਣੇ ਸੰਬੋਧਨ ਵਿੱਚ ਏ ਐੱਸ ਆਈ ਸਾਹਿਬ ਸਿੰਘ ਨੇ ਦੱਸਿਆ ਕਿ ਡਿਊਟੀ ਦੌਰਾਨ 10 ਜਨਵਰੀ 2022 ਨੂੰ, ਉਨ੍ਹਾਂ ਨੂੰ ਇਹ ਪੈਸੇ ਇੱਕ ਪਰਸ ਸਮੇਤ ਮੁਹਾਲੀ ਤੋਂ ਲੱਭੇ ਸਨ, ਜਿਨ੍ਹਾਂ ਦਾ ਵਾਰਸ ਇਨ੍ਹਾਂ ਨੂੰ ਲੈਣ ਨਹੀਂ ਪਹੁੰਚਾ, ਜਦੋਂ ਕਿ ਉਨ੍ਹਾਂ ਨੇ ਇਸ ਸਬੰਧ ਵਿੱਚ ਪ੍ਰਿੰਟ ਅਤੇ ਸ਼ੋਸ਼ਲ ਮੀਡੀਆ ਵਿੱਚ ਵਾਰ ਵਾਰ ਜਾਣਕਾਰੀ ਦਿੱਤੀ ਅਤੇ ਆਖਰ ਇਹ ਮਿਸ਼ਨਰੀ ਸੰਸਥਾ ਵਿੱਚ, ਇਹ ਪੈਸੇ ਦੇਣ ਦਾ ਫੈਸਲਾ ਲਿਆ। ਇਸ ਇਮਾਨਦਾਰੀ ਬਦਲੇ ਸਭ ਨੇ, ਉਨ੍ਹਾਂ ਨੂੰ ਭਰਵੀਂ ਦਾਦ ਦਿੱਤੀ। ਸੰਸਥਾ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਨੇ ਕਿਹਾ ਕਿ ਜੇਕਰ 6 ਮਹੀਨੇ ਦੇ ਅੰਦਰ ਅੰਦਰ ਵੀ, ਇਸ ਰਾਸ਼ੀ ਦਾ ਕੋਈ ਅਸਲੀ ਵਾਰਸ ਮਿਲਿਆ ਤਾਂ ਇਹ ਰਾਸ਼ੀ ਧੰਨਵਾਦ ਸਹਿਤ ਵਾਪਸ ਕਰ ਦਿੱਤੀ ਜਾਵੇਗੀ। ਇਸ ਮੌਕੇ ’ਤੇ ਇਸ ਪੁਲਿਸ ਕਰਮੀਂ ਦੇ ਦਿਆਲੂ ਕਿਰਦਾਰ ਦੀ ਇੱਕ ਹੋਰ ਕਹਾਣੀ ਵੀ ਦੱਸੀ ਗਈ ਕਿ ਉਹ ਬੀਤੇ ਡੇਢ ਸਾਲ ਤੋਂ ਇੱਕ ਨਿਹਾਇਤ ਗਰੀਬ ਪ੍ਰਵਾਸੀ ਪਰਿਵਾਰ ਦੇ ਬੱਚੇ ਦੀ, ਪਟਾਕਿਆਂ ਦੇ ਵਿਸਫੋਟ ਦੌਰਾਨ, ਚੀਥੜੇ ਹੋਈ ਅੱਡੀ ਦਾ ਆਪਣੇ ਖਰਚੇ ’ਤੇ ਇਲਾਜ਼ ਕਰਵਾ ਰਿਹਾ ਹੈ, ਜਿਸ ਦੇ ਹੁਣ ਤੱਕ 13 ਉਪਰੇਸ਼ਨ ਹੋ ਚੁੱਕੇ ਹਨ। ਇਸ ਮੌਕੇ ’ਤੇ ਇਹ ਵੀ ਦੱਸਿਆ ਗਿਆ ਕਿ ਆ ਰਹੇ ਵਿਦਿਅਕ-ਸ਼ੈਸ਼ਨ ਤੋਂ ਸੰਸਥਾ ਨੇ ਲੋੜਵੰਦ ਪਰਿਵਾਰਾਂ ਦੇ 25 ਵਿਦਿਆਰਥੀ ਮੁਫਤ ਸਿੱਖਿਆ ਲਈ ਦਾਖਲ ਕੀਤੇ ਹਨ, ਜਿਨ੍ਹਾਂ ਨੂੰ ਸਮਰੱਥ ਲੋਕਾਂ ਨੇ ਅਪਣਾਇਆ ਹੈ। ਇਸ ਮੌਕੇ ’ਤੇ ਅਪਨਾਉਣ ਵਾਲੇ ਲੋਕਾਂ ਦਾ ਵੇਰਵਾ ਸਾਂਝਾ ਕੀਤਾ ਗਿਆ। ਅਧਿਆਪਕਾ ਨਰਿੰਦਰ ਕੌਰ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ’ਤੇ ਪ੍ਰਿੰਸੀਪਲ ਹਰਦੀਪ ਸਿੰਘ ਕਾਹਲੋਂ, ਮਨਜੀਤ ਸਿੰਘ ਕੰਗ, ਬਲਰਾਜ ਸਿੰਘ, ਸਾਹਿਬਜੀਤ ਸਿੰਘ, ਬੀਰਦਵਿੰਦਰ ਸਿੰਘ, ਗੁਰਨਾਮ ਸਿੰਘ ਬਾਜਵਾ, ਮਨਜੀਤ ਕੌਰ, ਨਰਿੰਦਰ ਸਿੰਘ, ਸਰਬਜੀਤ ਸਿੰਘ, ਨਵਪ੍ਰੀਤ ਕੌਰ, ਦਲਜੀਤ ਕੌਰ, ਬੇਅੰਤ ਕੌਰ, ਮਨਪ੍ਰੀਤ ਕੌਰ, ਇੰਦਰਵੀਰ ਸਿੰਘ, ਸਿਮਰਨਜੀਤ ਕੌਰ, ਵਿਸ਼ਾਲੀ ਦੱਤ, ਮਨਿੰਦਰ ਕੌਰ ਆਦਿ ਹਾਜਰ ਸਨ।

ਕੰਗ ਯਾਦਗਾਰੀ ਸਿੱਖਿਆ ਸੰਸਥਾ ਬਸੀ ਗੁੱਜਰਾਂ ਵਿਖੇ ਲੋੜਵੰਦ ਪਰਿਵਾਰਾਂ ਦੇ ਹੋਣਹਾਰ ਵਿਦਿਆਰਥੀਆਂ ਲਈ, ਸੰਸਥਾ ਮੁਖੀਆਂ ਨੂੰ 85 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕਰਦੇ ਹੋਏ ਏ ਐੱਸ ਆਈ ਸਾਹਿਬ ਸਿੰਘ