Go Back
17
Nov
2021

KISAN ANDOLAN is fighting to save crops and breeds

Type : Acitivity

ਫਸਲਾਂ ਅਤੇ ਨਸਲਾਂ ਬਚਾਉਣ ਲਈ ਲੜਿ੍ਹਆ ਜਾ ਰਿਹਾ ਹੈ ਕਿਸਾਨ ਅੰਦੋਲਨ

ਕਿਸਾਨ ਜਿੱਤਣਗੇ ਅਤੇ ਹੰਕਾਰੀ ਹਾਕਮ ਹਾਰਨਗੇ - ਰਾਜੇਵਾਲ

‘‘ਕਿਸਾਨੀ ਅੰਦੋਲਨ ਫਸਲਾਂ ਅਤੇ ਨਸਲਾਂ ਲਈ ਲੜਿ੍ਹਆ ਜਾਣ ਵਾਲਾ ਅੰਦੋਲਨ ਹੈ, ਜੋ ਪੰਜਾਬ ਤੋਂ ਸ਼ੁਰੂ ਹੋ ਕੇ ਦੇਸ਼ ਵਿਆਪੀ ਹੋ ਚੁੱਕਿਆ ਹੈ। ਇਹ ਜਾਬਤਾਬੱਧ ਅੰਦੋਲਨ ਭਾਵੇਂ ਕਿੰਨਾ ਵੀ ਲੰਮਾਂ ਹੋ ਜਾਵੇ, ਅਸੀਂ ਜਿੱਤਾਂਗੇ ਅਤੇ ਹੰਕਾਰੀ ਹਾਕਮ ਹਾਰਨਗੇ।’’ ਇਹ ਵਿਚਾਰ, ਕਿਸਾਨ ਅੰਦੋਲਨ ਦੇ ਚੋਟੀ ਆਗੂ ਸ: ਬਲਬੀਰ ਸਿੰਘ ਰਾਜੇਵਾਲ ਨੇ ਪ੍ਰਗਟ ਕੀਤੇ। ਉਹ ਨਜ਼ਦੀਕੀ ਪਿੰਡ ਬਸੀ ਗੁੱਜਰਾਂ ਦੀ ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ ਸੰਸਥਾ ਵਿਖੇ, ਕਿਸਾਨ ਅੰਦੋਲਨ ਨੂੰ ਸਮਰਪਿਤ ਸਮਾਗਮ ਵਿੱਚ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਸਾਡਾ ਇਹ ਅੰਦੋਲਨ, ਸਮੁੱਚੇ ਵਰਗਾਂ ਦੇ ਸਵੈਮਾਣ ਦਾ ਅੰਦੋਲਨ ਹੈ, ਜਿਸ ਵਿੱਚ ਸਮਾਜ ਦਾ ਮਾਨਸਿਕ ਅਤੇ ਪਦਾਰਥਕ ਵਿਕਾਸ ਸ਼ਾਮਲ ਹੈ, ਜੀਵਨ ਨੂੰ ਸਰਲ ਬਦਾਉਣ ਬਣਾਉਣ ਵਾਲੀਆਂ ਸਹੂਲਤਾਂ ਸ਼ਾਮਲ ਹਨ, ਹਰੇਕ ਨੂੰ, ਹਰ ਮੋੜ ’ਤੇ ਮਿਲਣ ਵਾਲਾ ਸਮਾਜਿਕ-ਨਿਆਂ ਸ਼ਾਮਲ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਮੇਂ ਦੀਆਂ ਚੁਣੌਤੀਆਂ ਦਾ ਵਰਨਣ ਕਰਦਿਆਂ, ਉਨ੍ਹਾਂ ਨੂੰ ਜਿਊਣ ਜੋਗੇ ਬਣਨ ਲਈ ਪ੍ਰੇਰਿਆ ਅਤੇ ਸਵਾਲਾਂ ਦੇ ਜਵਾਬ ਦਿੱਤੇ। ਇਸ ਮੌਕੇ ’ਤੇ ਕਿਸਾਨ ਆਗੂ ਪਰਮਿੰਦਰ ਸਿੰਘ ਚਲਾਕੀ, ਡਾ: ਕੁਲਦੀਪ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਵਾਈਸ ਚੇਅਰਮੈਨ ਪ੍ਰੋ: ਬਾਵਾ ਸਿੰਘ, ਪ੍ਰਿੰਸੀਪਲ ਅਮਨਦੀਪ ਕੌਰ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ’ਤੇ ਵਕਤਾਵਾਂ ਨੇ ਕੇਂਦਰ ਸਰਕਾਰ ਦੀ ਸਖਤ ਅਲੋਚਨਾ ਕੀਤੀ, ਜਿਹੜੀ ਵਿਸ਼ਵ- ਪ੍ਰਸਿੱਧ ਚਿੰਤਕਾਂ ਅਤੇ ਵਿਸ਼ਾ ਮਾਹਿਰਾਂ, ਨਾਮ ਚੌਮਸਕੀ, ਪੀ ਸਾਂਈਦਾਸ, ਦਵਿੰਦਰ ਸ਼ਰਮਾ ਆਦਿ ਦੀਆਂ, ਅੰਦੋਲਨ ਪੱਖੀ ਸਿਫਾਰਸ਼ਾਂ ਨੂੰ ਨਜ਼ਰਅੰਦਾਜ ਕਰ ਰਹੀ ਹੈ। ਇਸ ਸਮਾਗਮ ਦੌਰਾਨ ਹੀ ਸਕੂਲ ਦੇ ਸੂਰਜੀ-ਊਰਜਾ ਪਲਾਂਟ ਦਾ ਉਦਘਾਟਨ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਇਸ ਸਹੂਲਤ ਬਦਲੇ, ਪੇਂਡੂ ਵਿੱਦਿਆ ਲਈ ਮਿਸ਼ਨਰੀ ਸੇਵਾਵਾਂ ਦੇ ਰਹੀ ਇਸ ਸੰਸਥਾ ਨੂੰ, 3.51 ਲੱਖ ਦਾ ਦਾਨ, ਸੰਸਥਾ ਦੇ ਸ਼ੁਭਚਿੰਤਕਾਂ ਅਤੇ ਪੜ੍ਹਕੇ, ਸਥਾਪਤ ਹੋ ਚੁੱਕੇ ਵਿਦਿਆਰਥੀਆਂ ਵੱਲੋਂ ਦਿੱਤਾ ਗਿਆ ਹੈ। ਇਸ ਮੌਕੇ ’ਤੇ ਪ੍ਰਬੰਧਕੀ ਕਮੇਟੀ ਮੈਂਬਰ ਮੇਜਰ ਸਿੰਘ ਮਾਂਗਟ ਅਤੇ ਹਰਵਿੰਦਰ ਸਿੰਘ ਔਜਲਾ ਤੋਂ ਇਲਾਵਾ ਡਰੀਮ ਲੈਂਡ ਪਬਲਿਕ ਸਕੂਲ ਦੇ ਪ੍ਰਿੰਸੀਪਲ ਹਰਦੀਪ ਸਿੰਘ ਕਾਹਲੋਂ, ਕਿਸਾਨ ਆਗੂ ਬਲਦੀਪ ਸਿੰਘ ਸੰਗਤ ਪੁਰ, ਪਰਮਜੀਤ ਸਿੰਘ ਅਮਰਾਲੀ , ਬੈਂਕ ਮੈਨੇਜਰ ਸਮਰਪਾਲ ਸਿੰਘ, ਕਿਰਨਜੀਤ ਕੌਰ, ਗੁਰਸ਼ਰਨ ਕੌਰ, ਨਰਿੰਦਰ ਸਿੰਘ, ਸਰਬਜੀਤ ਸਿੰਘ, ਮਨਿੰਦਰ ਸਿੰਘ, ਜਿੰਦਰ ਸਿੰਘ ਸੰਧੂਆਂ ਆਦਿ ਸ਼ਾਮਲ ਸਨ।

ਕੰਗ ਯਾਦਗਾਰੀ ਸਿੱਖਿਆ ਸੰਸਥਾ ਬਸੀ ਗੁੱਜਰਾਂ ਵਿਖੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ, ਕਿਸਾਨ ਅੰਦੋਲਨ ਦੇ ਆਗੂ ਸ: ਬਲਬੀਰ ਸਿੰਘ ਰਾਜੇਵਾਲ